ਪੰਜਾਬੀ ’ਵਰਸਿਟੀ ਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦਰਮਿਆਨ ਹੋਇਆ ਇਕਰਾਰਨਾਮਾ
ਪਟਿਆਲਾ, 7 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਆਪਣੇ ਦੁਰਲੱਭ ਦਸਤਾਵੇਜ਼ਾਂ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਸੰਭਾਲਣ ਲਈ ਇਕ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਡਿਜੀਟਲ ਲਾਇਬ੍ਰੇਰੀ (ਪੀ. ਡੀ.
ਪ
ਪੰਜਾਬੀ ਯੂਨੀਵਰਸਿਟੀ ਵਿਖੇ ਇਕਰਾਰਨਾਮੇ ’ਤੇ ਹਸਤਾਖਰ ਕਰਨ ਉਪਰੰਤ ਉਪ ਕੁਲਪਤੀ ਡਾ. ਜਗਦੀਪ ਸਿੰਘ ਤੇ ਅਧਿਕਾਰੀ । ਅਜੀਤ ਤਸਵੀਰ
08-08-2026
ਪਟਿਆਲਾ, 7 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਆਪਣੇ ਦੁਰਲੱਭ ਦਸਤਾਵੇਜ਼ਾਂ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਸੰਭਾਲਣ ਲਈ ਇਕ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਡਿਜੀਟਲ ਲਾਇਬ੍ਰੇਰੀ (ਪੀ. ਡੀ. ਐੱਲ.), ਚੰਡੀਗੜ੍ਹ ਨਾਲ ਇਕ ਇਕਰਾਰਨਾਮਾ ਕੀਤਾ ਗਿਆ ਹੈ। ਦੋਹੇਂ ਅਦਾਰਿਆਂ ਦੀ ਇਸ ਭਾਈਵਾਲੀ ਤਹਿਤ ਪੰਜਾਬ ਡਿਜੀਟਲ ਲਾਇਬ੍ਰੇਰੀ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਉੱਚ-ਗੁਣਵੱਤਾ ਵਾਲਾ ਡਿਜੀਟਾਈਜ਼ੇਸ਼ਨ, ਇਮੇਜ ਪ੍ਰੋਸੈਸਿੰਗ, ਮੈਟਾਡੇਟਾ ਤਿਆਰ ਕਰਨ ਅਤੇ ਓ. ਸੀ. ਆਰ. ਆਦਿ ਦਾ ਕੰਮ ਕਰੇਗੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਮੌਜੂਦਗੀ ਵਿਚ ਇਸ ਇਕਰਾਰਨਾਮੇ ‘ਤੇ ਪੰਜਾਬੀ ਯੂਨੀਵਰਸਿਟੀ ਵਲੋਂ ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੰਘ ਸਿੱਧੂ ਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਵਲੋਂ ਆਊਟਰੀਚ ਡਾਇਰੈਕਟਰ ਦਲਵੀਰ ਸਿੰਘ ਨੇ ਦਸਤਖ਼ਤ ਕੀਤੇ। ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਇਸ ਇਕਰਾਰਨਾਮੇ ਦਾ ਮੁੱਖ ਮਕਸਦ ਯੂਨੀਵਰਸਿਟੀ ਦੇ ਦੁਰਲੱਭ ਖਜ਼ਾਨੇ ਦੀ ਡਿਜੀਟਾਈਜ਼ੇਸ਼ਨ, ਸੰਭਾਲ, ਮੈਟਾਡੇਟਾ ਤਿਆਰ ਕਰਨਾ ਅਤੇ ਇਸ ਤੱਕ ਨਿਯੰਤਰਿਤ ਡਿਜੀਟਲ ਪਹੁੰਚ ਯਕੀਨੀ ਬਣਾਉਣਾ ਹੈ। ਉਨ੍ਹਾਂ ਇਸ ਸਾਂਝ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯੂਨੀਵਰਸਿਟੀ ਦੀ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਕਰਨ ਵੱਲ ਇਕ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਦੁਰਲੱਭ ਪੁਸਤਕਾਂ, ਹੱਥ-ਲਿਖਤਾਂ (ਪਾਂਡੂਲਿਪੀਆਂ), ਅਖ਼ਬਾਰਾਂ, ਰਸਾਲਿਆਂ, ਦਸਤਾਵੇਜ਼ੀ ਰਿਕਾਰਡ, ਤਸਵੀਰਾਂ, ਨਕਸ਼ਿਆਂ ਅਤੇ ਹੋਰ ਮਹੱਤਵਪੂਰਨ ਸਰੋਤਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ, ਜਿਸ ਨਾਲ ਅਕਾਦਮਿਕ ਅਤੇ ਖੋਜ ਕਾਰਜਾਂ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅਸਲ ਦਸਤਾਵੇਜ਼ਾਂ ਦੀ ਸੁਰੱਖਿਆ ਨੂੰ ਬਣਾਏ ਰੱਖਦੇ ਹੋਏ ਉਨ੍ਹਾਂ ਨੂੰ ਲੰਮੇ ਸਮੇਂ ਲਈ ਸੰਭਾਲਣ ਦਾ ਸਭ ਤੋਂ ਉੱਤਮ ਤਰੀਕਾ ਡਿਜੀਟਾਈਜ਼ੇਸ਼ਨ ਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ ‘ਤੇ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦੇ ਚੋਣਵੇਂ ਖਜ਼ਾਨੇ ਨੂੰ ਡਿਜੀਟਾਈਜ਼ੇਸ਼ਨ ਪ੍ਰਕਿਰਿਆ ਵਿਚ ਸ਼ਾਮਿਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪੜਾਅਵਾਰ ਢੰਗ ਨਾਲ਼ ਯੂਨੀਵਰਸਿਟੀ ਦੀਆਂ ਹੋਰ ਲਾਇਬ੍ਰੇਰੀਆਂ, ਵਿਭਾਗਾਂ, ਮਿਊਜ਼ੀਅਮ, ਆਰਕਾਈਵਜ਼ ਤੇ ਖੋਜ ਕੇਂਦਰਾਂ ਤੱਕ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਇਕਰਾਰਨਾਮੇ ਵਿਚ ਯੂਨੀਵਰਸਿਟੀ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਪੂਰੀ ਸੁਰੱਖਿਆ ਕੀਤੀ ਗਈ ਹੈ। ਡਿਜੀਟਾਈਜ਼ ਕੀਤੀ ਸਮੱਗਰੀ ਨੂੰ ਜਨਤਕ ਕਰਨ ਜਾਂ ਆਨਲਾਈਨ ਉਪਲਬਧ ਕਰਵਾਉਣ ਲਈ ਯੂਨੀਵਰਸਿਟੀ ਦੀ ਲਿਖਤੀ ਮਨਜ਼ੂਰੀ ਲਾਜ਼ਮੀ ਹੋਵੇਗੀ। ਇਸ ਇਕਰਾਰਨਾਮੇ ‘ਤੇ ਦਸਤਖ਼ਤ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਨੁਮਾਇੰਦੇ ਵੀ ਮੌਜੂਦ ਸਨ।