ਘਟਨਾ ਵਾਪਰਨ ਤੋਂ ਬਾਅਦ ’ਚ ਜਾਗਦੈ ਪ੍ਰਸ਼ਾਸਨ : ਜੋੜੇ ਨੂੰ ਵੱਢਣ ਵਾਲੇ ਕੁੱਤੇ ਦੇ ਮਾਲਕ ਖ਼ਿਲਾਫ਼ ਪਰਚਾ ਦਰਜ
ਜ਼ਿਲ੍ਹੇ ’ਚ ਹਰ ਮਹੀਨੇ 800 ਤੋਂ ਵੱਧ ਵਿਅਕਤੀ ਹੁੰਦੇ ਨੇ ਕੁੱਤਿਆਂ ਦਾ ਸ਼ਿਕਾਰ
ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਘੁੰਮਣ ਨਗਰ ’ਚ ਮਕਾਨ ਦੇਖਣ ਗਏ ਪਤੀ ਪਤਨੀ ’ਤੇ ਘਰ ’ਚ ਰੱਖੇ ਪਿੱਟ ਬੁੱਲ ਨਸਲ ਦੇ ਕੁੱਤੇ ਨੇ ਉਨ੍ਹਾਂ ’ਤੇ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਕੁੱਤੇ ਦੇ ਮਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਮੌਕੇ ’ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਕੁੱਤੇ ਦੇ ਹਮਲੇ ਸਮੇਂ ਜੇਕਰ ਮੌਕੇ ’ਤੇ ਹੋਰ ਵਿਅਕਤੀ ਉਥੇ ਮੌਜੂਦ ਨਾ ਹੁੰਦੇ ਤਾਂ ਮਾਮਲਾ ਕੁਝ ਹੋਰ ਹੋਣਾ ਸੀ, ਫਿਰ ਵੀ ਕੁੱਤੇ ਨੇ ਹਟਾਉਂਦੇ ਹਟਾਉਂਦੇ ਪਤੀ ਪਤਨੀ ਨੂੰ ਬੁਰੀ ਤਰ੍ਹਾਂ ਵੱਢਿਆ ਸੀ।
ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਘੁੰਮਣ ਨਗਰ ’ਚ ਮਕਾਨ ਦੇਖਣ ਗਏ ਪਤੀ ਪਤਨੀ ’ਤੇ ਘਰ ’ਚ ਰੱਖੇ ਪਿੱਟ ਬੁੱਲ ਨਸਲ ਦੇ ਕੁੱਤੇ ਨੇ ਉਨ੍ਹਾਂ ’ਤੇ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਕੁੱਤੇ ਦੇ ਮਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਮੌਕੇ ’ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਕੁੱਤੇ ਦੇ ਹਮਲੇ ਸਮੇਂ ਜੇਕਰ ਮੌਕੇ ’ਤੇ ਹੋਰ ਵਿਅਕਤੀ ਉਥੇ ਮੌਜੂਦ ਨਾ ਹੁੰਦੇ ਤਾਂ ਮਾਮਲਾ ਕੁਝ ਹੋਰ ਹੋਣਾ ਸੀ, ਫਿਰ ਵੀ ਕੁੱਤੇ ਨੇ ਹਟਾਉਂਦੇ ਹਟਾਉਂਦੇ ਪਤੀ ਪਤਨੀ ਨੂੰ ਬੁਰੀ ਤਰ੍ਹਾਂ ਵੱਢਿਆ ਸੀ। ਇਸ ਸੰਬੰਧੀ ਪੀੜਤ ਔਰਤ ਵਲੋਂ ਥਾਣਾ ਅਨਾਜ ਮੰਡੀ ਤੇ ਨਗਰ ਨਿਗਮ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਫਿਲਹਾਲ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁੱਤਿਆਂ ਦੇ ਇਸ ਖੌਫ ਤੋਂ ਛੁਟਕਾਰਾ ਪਾਉਣ ਲਈ ਸੁਪਰੀਮ ਕੋਰਟ ਵਲੋਂ ਵੱਖ ਵੱਖ ਸਮੇਂ ਨਿਰਦੇਸ਼ ਦੇਣ ਦੇ ਬਾਵਜੂਦ ਵੀ ਜ਼ਮੀਨੀ ਪੱਧਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਜ਼ਿਲ੍ਹੇ ਵਿਚ ਕੁੱਤੇ ਦੇ ਵੱਢਣ ਦੇ ਕੇਸਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਿਹਤ ਮੰਤਰੀ ਦੇ ਜ਼ਿਲ੍ਹੇ ਵਿਚ ਹਰ ਮਹੀਨੇ 800 ਤੋਂ ਵੱਧ ਵਿਅਕਤੀ ਕੁੱਤੇ ਦੇ ਵੱਢਣ ਦੇ ਸ਼ਿਕਾਰ ਹੋਏ ਹਨ ਪਰ ਹਾਲੇ ਤੱਕ ਲੋਕਾਂ ਨੂੰ ਇਹ ਘਟਨਾ ਨਹੀਂ ਭੁੱਲੀ ਜਦੋਂ ਲਾਵਾਰਸ ਕੁੱਤਿਆਂ ਵਲੋਂ ਪਿੰਡ ਬਰਸਟ ਦੇ ਰਹਿਣ ਵਾਲੇ ਇਕ ਬੱਚੇ ਨੂੰ ਜਿਉਂਦਿਆਂ ਹੀ ਖਾ ਲਿਆ ਸੀ। ਇਸ ਤੋਂ ਇਲਾਵਾ ਅਨੇਕਾਂ ਕੁੱਤੇ ਦੇ ਵੱਢਣ ਦੇ ਮਾਮਲੇ ਰਾਜਿੰਦਰਾ ਹਸਪਤਾਲ, ਸਿਵਲ ਹਸਪਤਾਲ ਤੇ ਕਲੀਨਿਕਾਂ ਵਿਚ ਆਉਂਦੇ ਰਹਿੰਦੇ ਹਨ। ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਕੋਲ ਲੋਕਾਂ ਦੇ ਘਰਾਂ ਵਿਚ ਰੱਖ ਗਏ ਖਤਰਨਾਕ ਕੁੱਤੇ ਤੇ ਸ਼ਹਿਰ ਵਿਚ ਲਾਵਾਰਸ ਕੁੱਤਿਆਂ ਦੀ ਤਦਾਦ ਦਾ ਕੋਈ ਪੁਖਤਾ ਅੰਕੜਾ ਨਹੀਂ ਹੈ। ਇਸ ਸੰਬੰਧੀ ਇਕ ਪੀੜਤ ਵਿਅਕਤੀ ਨੇ ਦੱਸਿਆ ਕਿ ਕੁੱਤਿਆਂ ਦੇ ਵੱਢਣ ਦੇ ਕੇਸਾਂ ਨੂੰ ਰੋਕਣ ਦੀਆਂ ਗੱਲਾਂ ਹਮੇਸ਼ਾ ਮੀਡੀਆ ਵਿਚ ਹੀ ਹੁੰਦੀਆਂ ਹਨ ਇਸ ’ਚ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।