ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਅਬਲੋਵਾਲ ਵਿਖੇ ਸੜਕ ਦਾ ਕੰਮ ਜਲਦ ਮੁਕੰਮਲ ਕਰਕੇ ਡੇਅਰੀ ਫਾਰਮਰਜ਼ ਨੂੰ ਸ਼ਿਫਟ ਕੀਤਾ ਜਾਵੇ-ਡਾ. ਹਿਮਾਂਸ਼ੂ ਅਗਰਵਾਲ
ਪਟਿਆਲਾ, 17 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਬਲੋਵਾਲ ਵਿਖੇ ਚੱਲ ਰਹੇ ਸੜਕ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ, ਤਾਂ ਜੋ ਸ਼ਹਿਰ ਅੰਦਰ ਚੱਲ ਰਹੇ ਡੇਅਰੀ ਫਾਰਮਾਂ ਨੂੰ ਜਲਦ ਅਬਲੋਵਾਲ ਵਿਖੇ ਸ਼ਿਫਟ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ।
ਪਟਿਆਲਾ, 17 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਬਲੋਵਾਲ ਵਿਖੇ ਚੱਲ ਰਹੇ ਸੜਕ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ, ਤਾਂ ਜੋ ਸ਼ਹਿਰ ਅੰਦਰ ਚੱਲ ਰਹੇ ਡੇਅਰੀ ਫਾਰਮਾਂ ਨੂੰ ਜਲਦ ਅਬਲੋਵਾਲ ਵਿਖੇ ਸ਼ਿਫਟ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਬਲੋਵਾਲ ਵਿਖੇ ਡੇਅਰੀ ਫਾਰਮਰਜ਼ ਨੂੰ ਤਬਦੀਲ ਕਰਨ ਲਈ ਬੁਨਿਆਦੀ ਸਹੂਲਤਾਂ ਦਾ ਵਿਕਾਸ ਕਰਨਾ ਜ਼ਰੂਰੀ ਹੈ। ਇਸ ਦੇ ਮੱਦੇਨਜ਼ਰ ਸੜਕ ਦਾ ਕੰਮ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਡੇਅਰੀ ਫਾਰਮਰਜ਼ ਨੂੰ ਉੱਥੇ ਤਬਦੀਲ ਕਰਨ ਵਿਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ। ਉਨ੍ਹਾਂ ਕਿਹਾ ਕਿ ਸੰਬੰਧਤ ਅਧਿਕਾਰੀ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਨਿਰਮਾਣ ਕਾਰਜ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਕੰਮ ਦੀ ਗੁਣਵੱਤਾ ਦੇ ਨਾਲ-ਨਾਲ ਸਮੇਂ ਸਿਰ ਮੁਕੰਮਲ ਹੋਣ ਨੂੰ ਵੀ ਯਕੀਨੀ ਬਣਾਉਣ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸ਼ਹਿਰ ਵਿਚ ਡੇਅਰੀ ਫਾਰਮਾਂ ਨੂੰ ਨਿਰਧਾਰਤ ਸਥਾਨ ’ਤੇ ਤਬਦੀਲ ਕਰਨ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਫ਼ਾਈ, ਆਵਾਜਾਈ ਅਤੇ ਵਾਤਾਵਰਨ ਨਾਲ ਸੰਬੰਧਤ ਸਮੱਸਿਆਵਾਂ ਨੂੰ ਘਟਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਦਿਸ਼ਾ ਵਿਚ ਅਬਲੋਵਾਲ ਵਿਖੇ ਡੇਅਰੀ ਫਾਰਮਰਜ਼ ਨੂੰ ਤਬਦੀਲ ਕਰਨਾ ਵੀ ਇਕ ਅਹਿਮ ਕਦਮ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਰਟ ਵਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਤੇ ਅਬਲੋਵਾਲ ਵਿਖੇ ਲੋੜੀਂਦੇ ਕੰਮਾਂ ਨੂੰ ਬਿਨਾਂ ਕਿਸੇ ਦੇਰੀ ਦੇ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੜਕ ਦਾ ਕੰਮ ਮੁਕੰਮਲ ਹੋਣ ਉਪਰੰਤ ਡੇਅਰੀ ਫਾਰਮਰਜ਼ ਨੂੰ ਅਬਲੋਵਾਲ ਵਿਖੇ ਸ਼ਿਫਟ ਕਰਨ ਦੀ ਕਾਰਵਾਈ ਵਿਚ ਵੀ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਇਸ ਮਾਮਲੇ ਦਾ ਜਲਦ ਹੱਲ ਕੀਤਾ ਜਾ ਸਕੇ। ਗੌਰਤਲਬ ਹੈ ਕਿ ਹਾਈ ਕੋਰਟ ਵਲੋਂ ਨਗਰ ਨਿਗਮ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਸੜਕ ਦਾ ਕੰਮ ਪੂਰਾ ਹੋਣ ਉਪਰੰਤ ਡੇਅਰੀ ਮਾਲਕਾਂ ਨੂੰ ਡੇਅਰੀ ਸ਼ਿਫਟ ਕਰਨ ਲਈ ਕਿਹਾ ਜਾਵੇ। ਨਗਰ ਨਿਗਮ ਨੇ ਦੱਸਿਆ ਕਿ ਇਹ ਕੰਮ ਆਉਣ ਵਾਲੇ ਕੁਝ ਹਫਤਿਆਂ ‘ਚ ਪੂਰਾ ਹੋਣ ਦੀ ਉਮੀਦ ਹੈ। ਇਸ ਮੌਕੇ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ ਵੀ ਮੌਜੂਦ ਸਨ। ਉਨ੍ਹਾਂ ਵਲੋਂ ਅਬਲੋਵਾਲ ਵਿਖੇ ਚੱਲ ਰਹੇ ਕੰਮਾਂ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਤੇ ਸੰਬੰਧਤ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਵੀ ਜਾਣੂ ਕਰਵਾਇਆ ਗਿਆ।