ਖੇਡਾਂ ਜਿੱਤ ਹਾਰ ਦਾ ਨਾਂਅ ਨਹੀਂ ਇਹ ਖਿਡਾਰੀਆਂ ਨੂੰ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੀਆਂ-ਭੁਪਿੰਦਰ ਸਿੰਘ
ਦੇਵੀਗੜ੍ਹ, 20 ਅਗਸਤ (ਰਾਜਿੰਦਰ ਸਿੰਘ ਮੌਜੀ)-ਖੇਡਾਂ ਮਨੁੱਖੀ ਜੀਵਨ ਵਿਚ ਅਹਿਮ ਸਥਾਨ ਰੱਖਦੀਆਂ ਹਨ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇਹ ਬੇਹੱਦ ਜ਼ਰੂਰੀ ਹਨ। ਇਸੇ ਗੱਲ ਨੂੰ ਸੱਚ ਸਾਬਤ ਕਰਦਿਆਂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੀ ਅੰਡਰ-14 ਕ੍ਰਿਕਟ ਟੀਮ ਨੇ 70ਵੇਂ ਜ਼ੋਨਲ ਕ੍ਰਿਕਟ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ ਹੈ।
ਦੇਵੀਗੜ੍ਹ, 20 ਅਗਸਤ (ਰਾਜਿੰਦਰ ਸਿੰਘ ਮੌਜੀ)-ਖੇਡਾਂ ਮਨੁੱਖੀ ਜੀਵਨ ਵਿਚ ਅਹਿਮ ਸਥਾਨ ਰੱਖਦੀਆਂ ਹਨ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇਹ ਬੇਹੱਦ ਜ਼ਰੂਰੀ ਹਨ। ਇਸੇ ਗੱਲ ਨੂੰ ਸੱਚ ਸਾਬਤ ਕਰਦਿਆਂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੀ ਅੰਡਰ-14 ਕ੍ਰਿਕਟ ਟੀਮ ਨੇ 70ਵੇਂ ਜ਼ੋਨਲ ਕ੍ਰਿਕਟ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ ਹੈ। ਇਹ ਟੂਰਨਾਮੈਂਟ ਸਰਕਾਰੀ ਸਕੂਲ ਘੜਾਮ ਵਿਖੇ ਉਤਸ਼ਾਹਜਨਕ ਮਾਹੌਲ ਵਿਚ ਕਰਵਾਇਆ ਗਿਆ ਸੀ, ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੌਰਾਨ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ ਬੇਮਿਸਾਲ ਖੇਡ ਪ੍ਰਤਿਭਾ, ਉੱਚ ਪੱਧਰੀ ਅਨੁਸ਼ਾਸਨ ਤੇ ਸ਼ਾਨਦਾਰ ਟੀਮ ਭਾਵਨਾ ਦਾ ਪ੍ਰਦਰਸ਼ਨ ਕੀਤਾ। ਮੈਦਾਨ ‘ਤੇ ਖਿਡਾਰੀਆਂ ਦਾ ਜਜ਼ਬਾ ਦੇਖਣਯੋਗ ਸੀ। ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਤਿੰਨਾਂ ਹੀ ਖੇਤਰਾਂ ਵਿਚ ਬੱਚਿਆਂ ਨੇ ਸ਼ਾਨਦਾਰ ਤਾਲਮੇਲ ਦਿਖਾਇਆ। ਟੀਮ ਦੀ ਇਸ ਕਾਮਯਾਬੀ ਪਿੱਛੇ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ, ਲਗਨ ਤੇ ਸਕੂਲ ਦੇ ਕੋਚ ਦੀ ਯੋਗ ਅਗਵਾਈ ਦਾ ਵੱਡਾ ਯੋਗਦਾਨ ਰਿਹਾ ਹੈ। ਟੀਮ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਦੀ ਇਸ ਕਾਮਯਾਬੀ ‘ਤੇ ਬਹੁਤ ਮਾਣ ਹੈ। ਸਾਡੇ ਬੱਚਿਆਂ ਨੇ ਜ਼ੋਨਲ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਜਿੱਤ ਜਾਂ ਹਾਰ ਦਾ ਨਾਂ ਨਹੀਂ ਹਨ, ਸਗੋਂ ਇਹ ਬੱਚਿਆਂ ਵਿਚ ਆਪਸੀ ਸਹਿਯੋਗ, ਸਬਰ ਅਤੇ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੀਆਂ ਹਨ। ਇਸ ਮੌਕੇ ਸਕੂਲ ਪ੍ਰਧਾਨ ਸ੍ਰੀਮਤੀ ਰਵਿੰਦਰ ਕੌਰ ਨੇ ਵੀ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੀ ਉੱਚੀਆਂ ਮੰਜ਼ਿਲਾਂ ਛੂਹਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪੂਨਮ ਧੀਮਾਨ ਨੇ ਟੀਮ ਦੀ ਸਫ਼ਲਤਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਕੋਚ ਕੇਸ਼ਵ ਕਾਂਤ ਤੇ ਸਾਰੇ ਖਿਡਾਰੀਆਂ ਦੇ ਅਣਥੱਕ ਯਤਨਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਸਕੂਲ ਪਹੁੰਚਣ ‘ਤੇ ਜੇਤੂ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਅਧਿਆਪਕਾਂ ਤੇ ਮਾਪਿਆਂ ਨੇ ਬੱਚਿਆਂ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਮਨਾਈ।