ਬੰਦ ਦੇ ਸੱਦੇ ਨੂੰ ਮਿਲਿਆ ਭਰਪੂਰ ਹੁੰਗਾਰਾ
ਦੇਵੀਗੜ੍ਹ ’ਚ ਬੰਦ ਨੂੰ ਭਰਵਾਂ ਹੁੰਗਾਰਾ
ਦੇਵੀਗੜ੍ਹ, 21 ਅਗਸਤ (ਰਾਜਿੰਦਰ ਸਿੰਘ ਮੌਜੀ)-ਪੰਜਾਬ ਬੰਦ ਦੇ ਸੱਦੇ ਨੂੰ ਦੇਵੀਗੜ੍ਹ ਵਿਚ ਭਰਵਾਂ ਹੁੰਗਾਰਾ ਮਿਲਿਆ। ਸਵੇਰ ਤੋਂ ਲੈ ਕੇ ਦੁਪਹਿਰ ਇਕ ਵਜੇ ਤੱਕ ਕਿਸਾਨ ਆਗੂਆਂ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਤੇ ਇਲਾਕੇ ਦੀ ਸੰਗਤ ਵਲੋਂ ਮਿਲ ਕੇ ਮੁੱਖ ਮਾਰਗ ’ਤੇ ਜਾਮ ਲਗਾਇਆ ਗਿਆ।
‘
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਨਾਭਾ ਸ਼ਹਿਰ ‘ਚ ਕੱਢੇ ਰੋਸ ਮਾਰਚ ਦਾ ਦ੍ਰਿਸ਼। ਤਸਵੀਰ : ਜਗਨਾਰ ਸਿੰਘ ਦੁਲੱਦੀ
22-08-2026
ਦੇਵੀਗੜ੍ਹ, 21 ਅਗਸਤ (ਰਾਜਿੰਦਰ ਸਿੰਘ ਮੌਜੀ)-ਪੰਜਾਬ ਬੰਦ ਦੇ ਸੱਦੇ ਨੂੰ ਦੇਵੀਗੜ੍ਹ ਵਿਚ ਭਰਵਾਂ ਹੁੰਗਾਰਾ ਮਿਲਿਆ। ਸਵੇਰ ਤੋਂ ਲੈ ਕੇ ਦੁਪਹਿਰ ਇਕ ਵਜੇ ਤੱਕ ਕਿਸਾਨ ਆਗੂਆਂ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਤੇ ਇਲਾਕੇ ਦੀ ਸੰਗਤ ਵਲੋਂ ਮਿਲ ਕੇ ਮੁੱਖ ਮਾਰਗ ’ਤੇ ਜਾਮ ਲਗਾਇਆ ਗਿਆ। ਇਸ ਮੌਕੇ ਮੌਜੂਦ ਆਗੂਆਂ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਕੋਸਦਿਆਂ ਆਖਿਆ ਕਿ ਸਰਕਾਰਾਂ ਜਾਣ ਬੁੱਝ ਕੇ ਬੰਦੀ ਸਿੰਘਾਂ ਦੀ ਰਿਹਾਈ ਵਿਚ ਦੇਰੀ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜਿਹੜੇ ਸਿੰਘ ਆਪਣੇ ਬਣਦੇ ਕਾਨੂੰਨੀ ਅਤੇ ਨਿਆਂਇਕ ਕੈਦ ਦੀ ਮਿਆਦ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਰੱਖਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਬੈਹਿਰੂ ਨੇ ਪ੍ਰਦਰਸ਼ਨ ਦੌਰਾਨ ਬੋਲਦਿਆਂ ਕਿਹਾ ਕਿ, “ਸਰਕਾਰਾਂ ਸੰਵਿਧਾਨ ਅਤੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੀਆਂ ਹਨ। ਜਦੋਂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਤਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਜੇਲ੍ਹਾਂ ਵਿਚ ਰੱਖਣਾ ਸਰਾਸਰ ਧੱਕੇਸ਼ਾਹੀ ਹੈ। ਪੰਜਾਬ ਦਾ ਹਰ ਵਰਗ ਆਪਣੇ ਹੱਕਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਪਲੇਟਫਾਰਮ ‘ਤੇ ਇਕੱਠਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਨਰਿੰਦਰ ਸਿੰਘ ਭਿੰਡਰ ਨੇ ਆਖਿਆ ਕਿ, “ਸਾਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਰੱਖਣੀ ਪਵੇਗੀ। ਬੰਦੀ ਸਿੰਘਾਂ ਦਾ ਮਾਮਲਾ ਪੰਜਾਬ ਦੀ ਆਤਮਾ ਨਾਲ ਜੁੜਿਆ ਹੋਇਆ ਹੈ। ਜਦੋਂ ਤੱਕ ਸਜ਼ਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਾਡਾ ਇਹ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੇਗਾ।” ਇਸ ਜਾਮ ਦੌਰਾਨ ਆਵਾਜਾਈ ਕੁਝ ਸਮੇਂ ਲਈ ਪ੍ਰਭਾਵਿਤ ਰਹੀ ਪਰ ਪ੍ਰਦਰਸ਼ਨਕਾਰੀਆਂ ਨੇ ਅਨੁਸ਼ਾਸਨ ਬਣਾ ਕੇ ਰੱਖਿਆ। ਇਸ ਮੌਕੇ ਕਿਸਾਨ ਆਗੂ ਬਲਿਹਾਰ ਸਿੰਘ ਰੁੜਕੀ, ਮੁਖਤਿਆਰ ਸਿੰਘ, ਰਘਬੀਰ ਸਿੰਘ ਸੰਧਰ, ਗੁਰਵਿੰਦਰ ਸਿੰਘ ਗੋਰਾ, ਕਰਨੈਲ ਸਿੰਘ, ਕਸ਼ਮੀਰ ਸਿੰਘ, ਜਗਦੇਵ ਸਿੰਘ ਸਾਬਕਾ ਸਰਪੰਚ,ਰਜਤ ਮਲਹੋਤਰਾ, ਪ੍ਰਿੰਸਪ੍ਰੀਤ ਸਿੰਘ, ਹੈਪੀ, ਜੱਸੀ ਗਿਰ, ਸੁਰਿੰਦਰ ਸਿੰਘ ਤੇ ਜੋਬਨ ਸੰਧੂ ਹਾਜ਼ਰ ਸਨ। ਸਮਾਣਾ ’ਚ ਮੁਕੰਮਲ ਬੰਦ ਸਮਾਣਾ, (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ, ਹਰਵਿੰਦਰ ਸਿੰਘ ਟੋਨੀ)-ਪੰਜਾਬ ਬੰਦ ਦੇ ਸੱਦੇ ਦੌਰਾਨ ਸ਼ਹਿਰ ਸਮਾਣਾ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁਕੰਮਲ ਬੰਦ ਰਿਹਾ। ਦੁਕਾਨਾਂ ਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਸਰਕਾਰੀ ਸਕੂਲ ਤੇ ਕਾਲਜ ਖੁੱਲ੍ਹੇ ਸਨ ਪਰ ਵਿਦਿਆਰਥੀਆਂ ਦੀ ਹਾਜ਼ਰੀ ਨਾ-ਮਾਤਰ ਸੀ। ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਦੀ ਅਗਵਾਈ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਵੇਖਣ ਨੂੰ ਮਿਲੇ। ਅੱਗ ਬਝਾਊ ਅਮਲਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਸੀ। ਸ. ਬਰਾੜ ਨੇ ਦੱਸਿਆ ਕਿ ਬੰਦ ਪੂਰਨ ਸ਼ਾਂਤੀਪੂਰਨ ਰਿਹਾ ਹੈ ਅਤੇ ਸਥਾਨਕ ਪੁਲਿਸ ਨੂੰ ਥਾਂ-ਥਾਂ ’ਤੇ ਤਾਇਨਾਤ ਕੀਤਾ ਗਿਆ ਸੀ। ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਜਸਵਿੰਦਰ ਸਿੰਘ ਡਰੌਲੀ, ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਸੇਵਾਦਾਰ ਭਾਈ ਰਾਜਿੰਦਰ ਸਿੰਘ ਫਤਹਿਗੜ ਛੰਨਾਂ, ਭਾਈ ਸਰੂਪ ਸਿੰਘ ਸੰਧਾ, ਸ਼ੋ੍ਮਣੀ ਅਕਾਲੀ ਦਲ (ਅ) ਦੇ ਭਾਈ ਹਰਦੀਪ ਸਿੰਘ ਸਹਿਜਪੁਰਾ, ਸਤਨਾਮ ਸਿੰਘ ਸਮਾਣਾ, ਗੁਰਮੇਲ ਸਿੰਘ ਸਮਾਣਾ ਤੇ ਹਰਜੀਤ ਸਿੰਘ ਕਾਕੜਾ, ਭਾਈ ਕੁਲਦੀਪ ਸਿੰਘ ਢੈਂਠਲ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਗੁਰਨਾਮ ਸਿੰਘ ਢੈਂਠਲ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਬੀਰ ਸਿੰਘ ਫਤਹਿਪੁਰ, ਕੁਲਵਿੰਦਰ ਸਿੰਘ ਸਿੱਧੂ ਤੇ ਪਰਮਜੀਤ ਸਿੰਘ ਖਾਨਪੁਰ ਆਦਿ ਆਗੂਆਂ ਦੀ ਅਗਵਾਈ ਵਿਚ ਸੰਗਤ ਨੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਬਾਅਦ ਵਿਚ ਭਾਖੜਾ ਪੁਲ ’ਤੇ ਧਰਨਾ ਲਗਾ ਕੇ ਪਟਿਆਲਾ-ਹਿਸਾਰ ਸੜਕ ਨੂੰ ਜਾਮ ਕਰ ਦਿੱਤਾ। ਪੁਲਿਸ ਨੇ ਬਦਲਵੇਂ ਰਸਤੇ ਰਾਹੀਂ ਆਵਾਜਾਈ ਨੂੰ ਬਹਾਲ ਰੱਖਣ ਦੀ ਕੋਸ਼ਿਸਾਂ ਜਾਰੀ ਰੱਖੀਆਂ। ਇਸ ਮੌਕੇ ਸਰਕਾਰਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬੇਦਾਰ ਜੋਗਿੰਦਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਕੁਤਬਨਪੁਰ, ਹਰਵਿੰਦਰ ਸਿੰਘ ਲਾਡੀ ਸ਼ਹਿਰੀ ਪ੍ਰਧਾਨ ਬਾਬਾ ਦੀਪ ਸਿੰਘ ਦਲ, ਅਰਸ਼ ਕੁਤਬਨਪੁਰ, ਮੁਖਤਿਆਰ ਸਿੰਘ ਸਮਾਣਾ, ਬਲਜਿੰਦਰ ਸਿੰਘ ਜਲਾਲਪੁਰ, ਅਮਰਜੀਤ ਸਿੰਘ ਮਰੋੜੀ, ਪਿਆਰਾ ਸਿੰਘ, ਹਰਦੀਪ ਸਿੰਘ ਅਸਮਾਨਪੁਰ, ਗੁਰਵਿੰਦਰ ਸਿੰਘ ਚੱਠਾ ਅਤੇ ਜਸਵੰਤ ਸਿੰਘ ਆਦਿ ਨੇ ਵੀ ਹਾਜ਼ਰ ਸਨ। ਅਕਾਲੀ ਦਲ ਸੁਤੰਤਰ ਨੇ ਫੂਕਿਆ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਨਾਭਾ, (ਜਗਨਾਰ ਸਿੰਘ ਦੁਲੱਦੀ)-ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪੰਜਾਬ ਬੰਦ ਦਾ ਸੁਨੇਹਾ ਦਿੱਤਾ ਗਿਆ ਸੀ, ਜਿਸ ਤਹਿਤ ਅਕਾਲੀ ਦਲ ਸੁਤੰਤਰ ਵਲੋਂ ਵੀ ਪਾਰਟੀ ਦੇ ਕੌਮੀ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਕਾਰਾਂ ਤੁਰੰਤ ਪੈਰੋਲ ਦੇਣ ਤਾਂ ਜੋ ਉਹ ਆਪਣੀ ਬਜ਼ੁਰਗ ਮਾਤਾ ਨੂੰ ਮਿਲ ਸਕੇ ਜੋ ਕਿ ਸਰੀਰਕ ਪੱਖੋਂ ਬਹੁਤ ਹੀ ਜ਼ਿਆਦਾ ਢਿੱਲੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਇਕੱਲੇ ਭਾਈ ਹਵਾਰਾ ਦੀ ਮਾਤਾ ਨਹੀਂ ਰਹਿ ਗਈ ਕਿਉਂ ਜੋ ਅੱਜ ਪੰਜਾਬ ਦੇ ਲੋਕਾਂ ਨੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਦੇ ਕੇ ਇਹ ਦੱਸ ਦਿੱਤਾ ਹੈ ਕਿ ਉਹ ਸਮੁੱਚੇ ਪੰਜਾਬ ਦੀ ਮਾਤਾ ਹੈ। ਨਾਭਾ ਵਿਚ ਦੁਕਾਨਾਂ ਰਹੀਆਂ ਪੂਰਨ ਤੌਰ ’ਤੇ ਬੰਦ ਨਾਭਾ, (ਵਰਿੰਦਰ ਵਰਮਾ, ਜਗਨਾਰ ਸਿੰਘ ਦੁਲੱਦੀ)-ਕੌਮੀ ਇਨਸਾਫ਼ ਮੋਰਚਾ ਦੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਮੋਰਚੇ ਨੇ ਕੈਦ ਸਿੱਖਾਂ ਦੀ ਰਿਹਾਈ, ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਅਤੇ 15 ਅਗਸਤ ਨੂੰ ਮੁਹਾਲੀ-ਚੰਡੀਗੜ੍ਹ ਸਰਹੱਦ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਨਾਭਾ ਪੂਰਨ ਤੌਰ ’ਤੇ ਬੰਦ ਕਰਵਾਇਆ। ਸ਼ਹਿਰ ਵਿਚ ਦੁਕਾਨਾਂ ਬੰਦ ਰੱਖੀਆਂ ਗਈਆਂ। ਸਰਕਾਰੀ ਬੱਸਾਂ ਚੱਲ ਰਹੀਆਂ ਸਨ। ਰੇਲਵੇ ਸਟੇਸ਼ਨ ‘ਤੇ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ। ਇਸ ਨਾਲ ਬੱਸਾਂ, ਆਟੋ ਤੇ ਨਿੱਜੀ ਵਾਹਨਾਂ ਦੀ ਆਵਾਜਾਈ ਵਿਚ ਵਿਘਨ ਪਿਆ। ਬੰਦ ਹੋਣ ਕਾਰਨ ਸਕੂਲ, ਕਾਲਜ ਤੇ ਕੋਚਿੰਗ ਸੰਸਥਾਵਾਂ ‘ਤੇ ਵੀ ਅਸਰ ਦੇਖਣ ਨੂੰ ਮਿਲਿਆ। ਐਮਰਜੈਂਸੀ ਸੇਵਾਵਾਂ, ਹਸਪਤਾਲਾਂ ਤੇ ਮੈਡੀਕਲ ਸਟੋਰਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ ਤਾਂ ਜੋ ਮਰੀਜ਼ਾਂ ਅਤੇ ਐਮਰਜੈਂਸੀ ਲੋੜ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਕੌਮੀ ਇਨਸਾਫ਼ ਮੋਰਚੇ ਅਤੇ ਵੱਖ-ਵੱਖ ਸਿੱਖ ਤੇ ਕਿਸਾਨ ਜਥੇਬੰਦੀਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਮੁੱਖ ਬਾਜ਼ਾਰ, ਦੁਕਾਨਾਂ ਤੇ ਕਾਰੋਬਾਰੀ ਅਦਾਰੇ ਮੁਕੰਮਲ ਤੌਰ ‘ਤੇ ਬੰਦ ਰਹੇ ਅਤੇ ਕਈ ਥਾਵਾਂ ‘ਤੇ ਸੜਕੀ ਆਵਾਜਾਈ ਠੱਪ ਰਹੀ। ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਮੁੱਖ ਚੌਂਕਾਂ ਤੇ ਮਾਰਗਾਂ ‘ਤੇ ਧਰਨੇ ਲਾ ਕੇ ਆਵਾਜਾਈ ਰੋਕੀ ਗਈ। ਇਸ ਦੌਰਾਨ ਡੀ. ਐਸ. ਪੀ. ਨਾਭਾ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ। ਇਸ ਲਈ ਸ਼ਹਿਰ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਅਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਬੰਦ ਨੂੰ ਬਨੂੜ ਇਲਾਕੇ ’ਚ ਭਰਵਾਂ ਹੁੰਗਾਰਾ ਬਨੂੜ, (ਭੁਪਿੰਦਰ ਸਿੰਘ)-ਬੰਦ ਨੂੰ ਬਨੂੜ ਇਲਾਕੇ ’ਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਬਨੂੜ ਸ਼ਹਿਰ ਤੋਂ ਇਲਾਵਾ ਕਸਬੇਨੁਮਾ ਮਾਣਕਪੁਰ ਤੇ ਗੱਜੂ ਖੇੜਾ ਦੇ ਬਾਜਾਰ ਵੀ ਪੂਰਨ ਤੌਰ ’ਤੇ ਬੰਦ ਰਹੇ ਅਤੇ ਕੌਮੀ ਮਾਰਗ ’ਤੇ ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ ਵੀ ਪਰਚੀ ਤੋਂ ਮੁਕਤ ਰਿਹਾ। ਪਿੰਡ ਜੰਗਪੁਰਾ ਦੇ ਵਸਨੀਕਾਂ ਨੇ ਕੌਮੀ ਮਾਰਗ ’ਤੇ ਆਵਾਜਾਈ ਠੱਪ ਰੱਖੀ ਅਤੇ ਭੀੜ ਵਾਲੀ ਥਾਂਵਾਂ ’ਤੇ ਸੁੰਨ ਪਸਰੀ ਰਹੀ। ਬੰਦ ਨੂੰ ਸਫਲ ਬਣਾਉਣ ਵਿਚ ਇਲਾਕੇ ਦੇ ਨਿੱਜੀ ਸਕੂਲਾਂ, ਬਨੂੜ ਦੇ ਵਪਾਰ ਮੰਡਲ, ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਲੋਕਾਂ ਪੂਰਨ ਸਹਿਯੋਗ ਰਿਹਾ। ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ ਜੱਗੀ ਕਰਾਲਾ, ਤਰਲੋਚਨ ਸਿੰਘ ਨੰਡਿਆਲੀ, ਸਰਪੰਚ ਲਖਵਿੰਦਰ ਸਿੰਘ ਕਰਾਲਾ, ਨੰਬਰਦਾਰ ਸਤਨਾਮ ਸਿੰਘ ਸੱਤਾ ਖਲੋਰ, ਸਤਨਾਮ ਸਿੰਘ ਖਾਸਪੁਰ, ਗੁਰਮੀਤ ਸਿੰਘ ਬਸੀ ਈਸੇ ਖਾਂ, ਗੁਰਮੀਤ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਨੰਡਿਆਲੀ, ਜਸਪਾਲ ਸਿੰਘ ਸੇਖਣ ਮਾਜਰਾ, ਸੁੱਖੀ ਤੰਗੋਰੀ ਦੀ ਅਗਵਾਈ ਹੇਠ ਬਨੂੜ ਬੈਰੀਅਰ ਤੇ ਆਵਾਜਾਈ ਠੱਪ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੁਆਧ ਇਲਾਕੇ ਦੇ ਪ੍ਰਧਾਨ ਮੱਖਣ ਸਿੰਘ ਗੀਗੇਮਾਜਰਾ, ਭਟੇੜੀ ਕਲਾਂ ਦੇ ਆਗੂ ਗੁਰਵਿੰਦਰ ਸਿੰਘ ਰਾਮਪੁਰ, ਗੁਰਦੀਪ ਸਿੰਘ ਕਨੌੜ ਤੇ ਕਮਲਜੀਤ ਸਿੰਘ ਕੰਮਾ ਬੜੀ ਦੀ ਅਗਵਾਈ ਹੇਠ ਅਜ਼ੀਜ਼ਪੁਰ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਕੀਤਾ। ਇਸ ਤੋਂ ਇਲਾਵਾ ਪਿੰਡ ਜੰਗਪੁਰਾ ਤੇ ਇਲਾਕੇ ਦੇ ਵਸਨੀਕਾਂ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਜੰਗਪੁਰਾ ਵਿਖੇ ਟਰਾਲੀਆਂ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਨੂੰ ਇਲਾਕੇ ਵਿਚ ਦਿੱਤੇ ਗਏ ਸੱਦੇ ਕਾਰਨ ਪੂਰਨ ਤੌਰ ’ਤੇ ਬਾਜ਼ਾਰ ਬੰਦ ਰਹੇ। ਇਸ ਮੌਕੇ ਵੱਖ ਵੱਖ ਥਾਵਾਂ ’ਤੇ ਧਰਨੇ ਵਿਚ ਸ਼ਾਮਿਲ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਵਿੰਦਰ ਸਿੰਘ ਕਰਾਲਾ ਤੇ ਕੁਲਵਿੰਦਰ ਸਿੰਘ ਵਲੋਂ ਸੰਗਤ ਲਈ ਚਾਹ ਦਾ ਲੰਗਰ, ਜਦਕਿ ਸੰਗਤ ਲਈ ਪ੍ਰਸ਼ਾਦੇ ਦਾ ਰਿੱਕੀ ਕਨੌੜ ਕੰਬੋਜ ਵਲੋਂ ਅਤੁੱਟ ਸੇਵਾ ਕੀਤੀ ਗਈ। ਇਸ ਮੌਕੇ ਪਵਿੱਤਰ ਸਿੰਘ ਧਰਮਗੜ੍ਹ, ਲਾਲੂ ਕੰਬੋਜ, ਮੋਟੀ ਜੰਗਪੁਰਾ, ਕੇਸਰ ਸਿੰਘ ਕਨੌੜ, ਸਰਪੰਚ ਗੁਰਬਚਨ ਸਿੰਘ ਪ੍ਰੇਮਗੜ, ਕੁਲਵੰਤ ਸਿੰਘ, ਮਨਜੀਤ ਸਿੰਘ ਮੋਟੇ ਮਾਜਰਾ, ਗੁਰਵਿੰਦਰ ਸਿੰਘ ਸਿਆਊ ਆਦਿ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਵਲੋਂ ਨਾਭਾ ’ਚ ਪ੍ਰਦਰਸ਼ਨ ਨਾਭਾ, (ਜਗਨਾਰ ਸਿੰਘ ਦੁਲੱਦੀ)-‘ਪੰਜਾਬ ਬੰਦ’ ਦੇ ਸੱਦੇ ਦਾ ਨਾਭਾ ਸ਼ਹਿਰ ਵਿਚ ਪੂਰਨ ਅਸਰ ਦੇਖਣ ਨੂੰ ਮਿਲਿਆ ਤੇ ਇਸ ਪੰਜਾਬ ਬੰਦ ਦੇ ਤਹਿਤ ਜਿਥੇ ਅੱਜ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਉੱਥੇ ਵੱਖ-ਵੱਖ ਪਾਰਟੀਆਂ ਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਵਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਗਏ। ਸ਼ਹਿਰ ਦੇ ਸਮੂਹ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਬੰਦੀ ਸਿੱਖਾਂ ਦੀ ਰਿਹਾਈ ਦੇ ਹੱਕ ਵਿਚ ਆਪਣੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਪੂਰਨ ਤੌਰ ‘ਤੇ ਬੰਦ ਰੱਖ ਕੇ ਇਸ ਵਿਰੋਧ ਪ੍ਰਦਰਸ਼ਨ ਦਾ ਪੂਰਜ਼ੋਰ ਸਮਰਥਨ ਕੀਤਾ। ਆਮ ਜਨਤਾ ਦੀ ਸਹੂਲਤ ਤੇ ਸੰਕਟਕਾਲੀਨ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਵਲ ਮੈਡੀਕਲ ਸਟੋਰਾਂ ਅਤੇ ਜ਼ਰੂਰੀ ਸਿਹਤ ਸੇਵਾਵਾਂ ਨੂੰ ਹੀ ਬੰਦ ਤੋਂ ਛੋਟ ਦਿੱਤੀ ਗਈ ਸੀ। ਨਾਭਾ ਦੇ ਬੌੜਾਂ ਗੇਟ ਸਥਿਤ ਭਾਰਤੀ ਕਿਸਾਨ ਯੂਨੀਅਨ ਵਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸਨ ਕੀਤਾ। ਧਰਨਾਕਾਰੀ ਕਿਸਾਨ ਆਗੂਆਂ ਗਮਦੂਰ ਸਿੰਘ ਬਾਬਰਪੁਰ ਅਤੇ ਹਰਮੇਲ ਸਿੰਘ ਤੁੰਗਾਂ ਨੇ ਕਿਹਾ ਕਿ ਸਜ਼ਾ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਵਿਅਕਤੀਆਂ ਨੂੰ ਜੇਲ੍ਹਾਂ ਵਿਚ ਰੱਖਣਾ ਮਾਨਵ ਅਧਿਕਾਰਾਂ ਦੀ ਘੋਰ ਉਲੰਘਣਾ ਹੈ, ਜਿਸ ਕਰਕੇ ਸਾਰੇ ਹੀ ਬੰਦੀ ਸਿੰਘਾਂ ਨੂੰ ਸਰਕਾਰਾਂ ਤੁਰੰਤ ਰਿਹਾਅ ਕਰਨ। ਸਨੌਰ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨੌਰ, (ਮੋਹਣ ਸਿੰਘ ਭੱਟੀ)-`ਪੰਜਾਬ ਬੰਦ` ਦੇ ਸੱਦੇ ਨੂੰ ਮੁੱਖ ਰੱਖਦਿਆਂ ਥਾਣਾ ਸਨੌਰ ਅਧੀਨ ਆਉਂਦੇ ਸਮੁੱਚੇ ਇਲਾਕੇ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਤੇ ਪੁਖ਼ਤਾ ਪ੍ਰਬੰਧ ਕੀਤੇ ਗਏ। ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਣਾ ਸਨੌਰ ਦੇ ਮੁਖੀ (ਐੱਸ. ਐੱਚ. ਓ.) ਅਵਤਾਰ ਸਿੰਘ ਖ਼ੁਦ ਭਾਰੀ ਪੁਲਿਸ ਫ਼ੋਰਸ ਸਮੇਤ ਸਨੌਰ ਸ਼ਹਿਰ ਦੇ ਮੁੱਖ ਬਾਜ਼ਾਰਾਂ, ਬੱਸ ਅੱਡੇ, ਮੁੱਖ ਚੌਕਾਂ ਅਤੇ ਸੰਵੇਦਨਸ਼ੀਲ ਥਾਵਾਂ `ਤੇ ਤਾਇਨਾਤ ਹੋਏ ਅਤੇ ਇਲਾਕੇ ਦੀ ਲਗਾਤਾਰ ਨਿਗਰਾਨੀ ਕੀਤੀ। ਬੰਦ ਦੇ ਸੱਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.), ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’, ਕਿਸਾਨ-ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਸਮੇਤ ਵੱਖ-ਵੱਖ ਪੰਥਕ, ਧਾਰਮਿਕ, ਨਿਹੰਗ ਸਿੰਘ ਤੇ ਕਿਸਾਨ ਜਥੇਬੰਦੀਆਂ ਵਲੋਂ ਪੂਰਨ ਸਮਰਥਨ ਦਿੱਤਾ ਗਿਆ ਸੀ। ਹਾਂਲਾਕਿ ਮੋਰਚੇ ਵਲੋਂ ਹਸਪਤਾਲਾਂ, ਮੈਡੀਕਲ ਸਟੋਰਾਂ, ਐਂਬੂਲੈਂਸਾਂ, ਵਿਆਹ ਤੇ ਸੋਗ ਸਮਾਗਮਾਂ ਵਾਲੇ ਵਾਹਨਾਂ ਨੂੰ ਇਸ ਬੰਦ ਤੋਂ ਪੂਰੀ ਛੋਟ ਦਿੱਤੀ ਗਈ ਸੀ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪੁਲਿਸ ਵਲੋਂ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ ਕਰਕੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ।