ਵਿਆਹ ਦਾ ਝਾਂਸਾ ਦੇ ਕੇ ਠੱਗਣ ਦੇ ਦੋਸ਼ ਹੇਠ 3 ਖ਼ਿਲਾਫ਼ ਮਾਮਲਾ ਦਰਜ, ਮੁਲਜ਼ਮ ਫਰਾਰ
ਸਨੌਰ, 21 ਅਗਸਤ (ਮੋਹਣ ਸਿੰਘ ਭੱਟੀ)-ਥਾਣਾ ਸਨੌਰ ਪੁਲਿਸ ਨੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਪਰਿਵਾਰ ਕੋਲੋਂ ਕਰੀਬ 3 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਠੱਗਣ ਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਮੁੱਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤਕਰਤਾ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਨਿਆਇ ਸੰਹਿਤਾ (ਭਂਸ਼) ਦੀ ਧਾਰਾ 316(2) ਅਤੇ 318(4) ਤਹਿਤ ਮੁਕੱਦਮਾ ਨੰਬਰ 92 ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਨੌਰ, 21 ਅਗਸਤ (ਮੋਹਣ ਸਿੰਘ ਭੱਟੀ)-ਥਾਣਾ ਸਨੌਰ ਪੁਲਿਸ ਨੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਪਰਿਵਾਰ ਕੋਲੋਂ ਕਰੀਬ 3 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਠੱਗਣ ਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਮੁੱਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤਕਰਤਾ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਨਿਆਇ ਸੰਹਿਤਾ (ਭਂਸ਼) ਦੀ ਧਾਰਾ 316(2) ਅਤੇ 318(4) ਤਹਿਤ ਮੁਕੱਦਮਾ ਨੰਬਰ 92 ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਦੈਲਾ ਜੋਤੀ ਪੁੱਤਰੀ ਬਲਵੰਤ ਸਿੰਘ ਵਾਸੀ ਪਿੰਡ ਉਧੋਪੁਰ ਦੀਵਾਨਵਾਲਾ (ਥਾਣਾ ਸਨੌਰ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਉਹ ਪਿੰਡ ਹਡਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 10ਵੀਂ ਜਮਾਤ ਵਿਚ ਪੜ੍ਹਦੀ ਸੀ, ਤਾਂ ਉਥੇ 12ਵੀਂ ਜਮਾਤ ਵਿਚ ਪੜ੍ਹਦੇ ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਪੁਰ ਨਾਲ ਉਸ ਦੀ ਦੋਸਤੀ ਹੋ ਗਈ। ਦੋਸ਼ੀ ਗੁਰਵਿੰਦਰ ਸਿੰਘ ਨੇ ਮੁਦੈਲਾ ਅਤੇ ਉਸ ਦੀ ਮਾਤਾ ਨੂੰ ਵਿਆਹ ਕਰਵਾਉਣ ਦਾ ਭਰੋਸਾ ਤੇ ਝਾਂਸਾ ਦਿੱਤਾ ਅਤੇ ਪ੍ਰਿੰਸ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਉਧੋਪੁਰ ਦੀਵਾਨਵਾਲਾ ਨੂੰ ਮੁਦੈਲਾ ਦੇ ਘਰ ਭੇਜ ਕੇ ਮਾਤਾ ਦੀਆਂ ਸੋਨੇ ਦੀਆਂ ਵਾਲੀਆਂ, ਸੋਨੇ ਦੇ ਲਾਕਟ, ਚਾਂਦੀ ਦੇ ਕੰਗਣ ਤੇ ਚਾਂਦੀ ਦੀਆਂ ਝਾਂਜਰਾਂ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ, ਹਾਸਿਲ ਕਰ ਲਏ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਗਹਿਣੇ ਹਾਸਿਲ ਕਰਨ ਉਪਰੰਤ ਨਾ ਤਾਂ ਦੋਸ਼ੀ ਗੁਰਵਿੰਦਰ ਸਿੰਘ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਨਾ ਹੀ ਉਨ੍ਹਾਂ ਦੇ ਗਹਿਣੇ ਜਾਂ ਪੈਸੇ ਵਾਪਸ ਕੀਤੇ। ਥਾਣਾ ਸਨੌਰ ਪੁਲਿਸ ਨੇ ਇਸ ਸੰਬੰਧੀ ਗੁਰਵਿੰਦਰ ਸਿੰਘ, ਉਸ ਦੀ ਮਾਤਾ ਸਰਬਜੀਤ ਕੌਰ ਵਾਸੀਆਨ ਪਿੰਡ ਪੁਰ ਤੇ ਪ੍ਰਿੰਸ ਸਿੰਘ ਵਾਸੀ ਪਿੰਡ ਉਧੋਪੁਰ ਦੀਵਾਨਵਾਲਾ ਖ਼ਿਲਾਫ਼ ਧੋਖਾਧੜੀ ਅਤੇ ਅਮਾਨਤ ਵਿਚ ਖ਼ਿਆਨਤ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।