ਯੂਨੀਵਰਸਿਟੀ ਕਾਲਜ ਮੀਰਾਂਪੁਰ ਨੇ 14ਵਾਂ ਸਥਾਪਨਾ ਦਿਵਸ ਮਨਾਇਆ
ਦੇਵੀਗੜ੍ਹ, 24 ਅਗਸਤ (ਰਾਜਿੰਦਰ ਸਿੰਘ ਮੌਜੀ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ 14ਵਾਂ ਸਥਾਪਨਾ ਦਿਵਸ ਧਾਰਮਿਕ ਆਸਥਾ, ਆਧਿਆਤਮਿਕਤਾ ਤੇ ਸਭਿਆਚਾਰਕ ਰੰਗਾਂ ਨਾਲ ਭਰਪੂਰ ਮਾਹੌਲ ਵਿਚ ਮਨਾਇਆ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸਾਂਝੇ ਤੌਰ ’ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।
ਦੇਵੀਗੜ੍ਹ, 24 ਅਗਸਤ (ਰਾਜਿੰਦਰ ਸਿੰਘ ਮੌਜੀ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ 14ਵਾਂ ਸਥਾਪਨਾ ਦਿਵਸ ਧਾਰਮਿਕ ਆਸਥਾ, ਆਧਿਆਤਮਿਕਤਾ ਤੇ ਸਭਿਆਚਾਰਕ ਰੰਗਾਂ ਨਾਲ ਭਰਪੂਰ ਮਾਹੌਲ ਵਿਚ ਮਨਾਇਆ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸਾਂਝੇ ਤੌਰ ’ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਪਾਠ ਦੌਰਾਨ ਵਿਦਿਆਰਥੀਆਂ ਨੇ ਮਾਨਸਿਕ ਸ਼ਾਂਤੀ ਮਹਿਸੂਸ ਕੀਤੀ ਗਈ। ਉਪਰੰਤ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਗੀਤ ਤੇ ਨ੍ਰਿਤ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਪੇਸ਼ਕਾਰੀਆਂ ਨੇ ਦਰਸ਼ਕਾਂ ਦੀ ਭਰਪੂਰ ਵਾਹ-ਵਾਹ ਖੱਟੀ ਤੇ ਸਮੁੱਚੇ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਆਤਮ-ਵਿਸ਼ਵਾਸ ਤੇ ਸਭਿਆਚਾਰਕ ਚੇਤਨਾ ਵੀ ਉਜਾਗਰ ਹੋਈ। ਇਸ ਮੌਕੇ ਕਾਲਜ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਕਿਹਾ ਕਿ, “ਸਥਾਪਨਾ ਦਿਵਸ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਇਹ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਮਹੱਤਵਪੂਰਨ ਮਾਧਿਅਮ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਏਕਤਾ, ਅਨੁਸ਼ਾਸਨ, ਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਭਾਵਨਾ ਪੈਦਾ ਕਰਦੇ ਹਨ।’ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਨੇ ਕਾਲਜ ਦੇ ਸਥਾਪਨਾ ਉਦੇਸ਼ ਬਾਰੇ ਚਾਣਨਾ ਪਾਇਆ। ਉਨ੍ਹਾਂ ਦੱਸਿਆ ਕਿ ਕਾਲਜ 14 ਸਾਲ ਪਹਿਲਾਂ ਦੇਵੀਗੜ੍ਹ ਇਲਾਕੇ ਦੇ ਵਿਦਿਆਰਥੀਆਂ ਨੂੰ ਉਚ ਵਿਦਿਆ ਪ੍ਰਦਾਨ ਕਰਨ ਲਈ ਖੋਲ੍ਹਿਆ ਗਿਆ ਸੀ। ਇਸ ਉਦੇਸ਼ ਦੀ ਪ੍ਰਾਪਤੀ ਨਿਰੰਤਰ ਜਾਰੀ ਹੈ। ਧੰਨਵਾਦੀ ਰਸਮ ਅਸਿਸਟੈਂਟ ਪ੍ਰੋ. ਜਸਵੀਰ ਕੌਰ ਨੇ ਨਿਭਾਈ। ਸਮਾਗਮ ਦੇ ਅੰਤ ਵਿਚ ਧਰਮ ਅਧਿਐਨ ਮੰਚ ਵਲੋਂ ਸੱਭਿਆਚਾਰਕ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਧਾਰਮਿਕ ਤੇ ਸਭਿਆਚਾਰਕ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਸੀ।