ਚੋਰੀ ਦੀ ਵੱਡੀ ਕਾਰਵਾਈ 2 ਟਰਾਲਿਆਂ ਦੇ ਰਿਮ ਸਮੇਤ 16 ਟਾਇਰ ਚੋਰੀ
ਸਮਾਣਾ, 26 ਅਗਸਤ (ਸਾਹਿਬ ਸਿੰਘ)- ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਸਮੇਂ ਭਾਖੜਾ ਨਹਿਰ ਦੇ ਨਜ਼ਦੀਕ ਸਥਿਤ ਰੋਇਲ ਕਾਲੋਨੀ ਵਿਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਖਾਲੀ ਖੜ੍ਹੇ ਦੋ ਟਰਾਲਿਆਂ ਦੇ 16 ਟਾਇਰ ਰਿਮ ਸਮੇਤ ਚੋਰੀ ਕਰ ਲਏ ਹਨ। ਇਸ ਘਟਨਾ ਦਾ ਪਤਾ ਟਰਾਲਾ ਮਾਲਕਾਂ ਨੂੰ ਸਵੇਰੇ ਲੱਗਾ।
ਸਮਾਣਾ, 26 ਅਗਸਤ (ਸਾਹਿਬ ਸਿੰਘ)- ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਸਮੇਂ ਭਾਖੜਾ ਨਹਿਰ ਦੇ ਨਜ਼ਦੀਕ ਸਥਿਤ ਰੋਇਲ ਕਾਲੋਨੀ ਵਿਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਖਾਲੀ ਖੜ੍ਹੇ ਦੋ ਟਰਾਲਿਆਂ ਦੇ 16 ਟਾਇਰ ਰਿਮ ਸਮੇਤ ਚੋਰੀ ਕਰ ਲਏ ਹਨ। ਇਸ ਘਟਨਾ ਦਾ ਪਤਾ ਟਰਾਲਾ ਮਾਲਕਾਂ ਨੂੰ ਸਵੇਰੇ ਲੱਗਾ। ਉਨ੍ਹਾਂ ਇਸ ਦੀ ਸੂਚਨਾ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੂੰ ਦੇ ਦਿੱਤੀ ਹੈ। ਰੋਇਲ ਕਾਲੋਨੀ ਨਿਵਾਸੀ ਪ੍ਰਦੀਪ ਕੁਮਾਰ ਤੇ ਪਿੰਕੀ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰਾਂ ਦੇ ਸਾਹਮਣੇ ਇਹ ਟਰਾਲੇ ਖੜ੍ਹੇ ਕੀਤੇ ਗਏ ਸਨ ਕਿ ਰਾਤ ਸਮੇਂ ਕੋਈ ਉਨ੍ਹਾਂ ਦੇ ਟਰਾਲਿਆਂ ਨੂੰ ਸੀਮਿੰਟ ਦੀਆਂ ਇੱਟਾਂ ਤੇ ਖੜ੍ਹੇ ਕਰਕੇ 16 ਟਾਇਰ ਰਿਮ ਚੋਰੀ ਕਰਕੇ ਲੈ ਗਏ। ਜਿਸ ਕਾਰਨ ਉਨ੍ਹਾਂ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਚੋਰੀ ਦੀ ਘਟਨਾ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ। ਕੈਮਰਿਆਂ ਦੀ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਕੁਝ ਵਿਅਕਤੀ ਟਰਾਲਿਆਂ ਦੇ ਟਾਇਰ ਚੋਰੀ ਕਰਕੇ ਲੈ ਗਏ ਹਨ ਪਰ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਚੋਰਾਂ ਦੀ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਇਹ ਵੀ ਦੱਸਿਆ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਕਈ ਵਿਅਕਤੀ ਸ਼ਾਮਲ ਹੋ ਸਕਦੇ ਹਨ ਅਤੇ ਟਾਇਰ ਕਿਸੇ ਵਾਹਨ ਵਿਚ ਲੱਦ ਕੇ ਲਜਾਏ ਗਏ ਹੋਣਗੇ। ਇਸ ਘਟਨਾ ਤੋਂ ਬਾਅਦ ਸ਼ਹਿਰ ਨਿਵਾਸੀਆਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਸਮੇਤ ਹੋਰ ਸਬੂਤਾਂ ਦੀ ਜਾਂਚ ਕਰਕੇ ਚੋਰਾਂ ਦਾ ਪਤਾ ਲਗਾਇਆ ਜਾਵੇ। ਇਸ ਸੰਬੰਧੀ ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।