ਪਟਿਆਲਾ, 26 ਅਗਸਤ (ਅ. ਸ. ਆਹਲੂਵਾਲੀਆ)- ਨਗਰ ਨਿਗਮ ਦੇ 60 ਵਾਰਡਾਂ ਵਿਚ ਜਿੱਥੇ ਕਈ ਥਾਂਈ ਨਵੀਆਂ ਬਣਾਈਆਂ ਜਾ ਰਹੀਆਂ ਸੜਕਾਂ ਤੋਂ ਬਜਰੀ ਖਿਸਕ ਰਹੀ ਹੈ, ਕੰਕਰੀਟ ਵਾਲੀਆਂ ਸੜਕਾਂ ਤਿੜ ਰਹੀਆਂ ਹਨ ਉੱਥੇ ਹੀ ਅੱਖ ਝਪਕਦਿਆਂ ਵੱਡੇ-ਵੱਡੇ ਟੋਏ ਪੈ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣ ਨਾਲ ਨਾਗਰਿਕ ਭੈ-ਭੀਤ ਹਨ। ਜਿਸ ਦੀ ਤਾਜਾ ਮਿਸਾਲ ਸ਼ਹਿਰ ਦੇ ਬਿਲਕੁਲ ਵਿਚਾਲੇ ਸਥਿਤ ਸ਼ੇਰਾਂ ਵਾਲਾ ਗੇਟ ਅਤੇ ਤਫੱਜਲਪੁਰਾ ਇਕਾਲੇ ਦੀ ਸੜਕ ’ਚ ਵੱਡੇ ਟੋਇਆਂ ਤੋਂ ਮਿਲ ਰਹੀ ਹੈ। ਨਾਗਿਰਕਾਂ ਦੇ ਦੱਸਣ ਮੁਤਾਬਕ ਸੜਕਾਂ ਕਿਸ ਤਰ੍ਹਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਹੇਠੋਂ ਮਿੱਟੀ ਖੁਰਦੀ ਜਾ ਰਹੀ ਹੈ ਅਤੇ ਕੁਝ ਪਲਾਂ ਵਿਚ ਸੜਕ ਹੀ ਧੱਸ ਜਾਂਦੀ ਹੈ। ਅਜਿਹਾ ਹੋਣ ਨਾਲ ਕਿਸੇ ਵੇਲੇ ਵੀ ਕਿਸੇ ਸੜਕ ’ਤੇ ਆਉਂਦੇ ਜਾਂਦੇ ਵਾਹਨਾਂ ਦੇ ਹਾਦਸਾ ਗ੍ਰਸਤ ਹੋਣ ਦੇ ਮੌਕੇ ਵਧ ਰਹੇ ਹਨ। ਟੋਇਆਂ ਨੂੰ ਦੇਖਣ ’ਤੇ ਪਤਾ ਲੱਗਦਾ ਹੈ ਕਿ ਸੜਕਾਂ ਬਣਾਉਣ ਲੱਗਿਆਂ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਸੜਕਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਵਿਚ ਮੌਕਾ ਨਹੀਂ ਦੇਖਣ ਦੀ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਟੋਇਆਂ ਨੂੰ ਠੀਕ ਕਰਨ ਦੀ ਬਜਾਏ ਨਿਗਮ ਦੇ ਸੁਸਤ ਅਧਿਕਾਰੀ ਲੱਤ ’ਤੇ ਲੱਤ ਰੱਖ ਕੇ ਕਾਗਜੀ ਕਾਰਵਾਈ ਵਿਚ ਹੇਠਲੇ ਅਧਿਕਾਰੀਆਂ ਨੂੰ ਉਲਝਾ ਲੈਂਦੇ ਹਨ। ਜਿਸ ਕਾਰਨ ਨਿਗਮ ’ਤੇ ਕਾਬਜ ਸੱਤਾ ਧਿਰ ਨੂੰ ਲੋਕਾਂ ਵਲੋਂ ਕੀਤੀ ਜਾਂਦੀ ਫਜੀਅਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਕੁਝ ਇਮਾਰਤਸਾਜਾਂ ਵਲੋਂ ਵੀ ਨਗਰ ਨਿਗਮ ਦੀਆਂ ਸੜਕਾਂ ਤੱਕ ਤੋੜ ਕੇ ਵੱਡੇ ਵਪਾਰਕ ਸਥਾਨਾਂ ਦੀਆਂ ਬੇਸਮੈਂਟਾਂ ਪੁੱਟੀਆਂ ਜਾ ਰਹੀਆਂ ਹਨ। ਇਨ੍ਹਾਂ ਸੜਕਾਂ ਤੋਂ ਨਿਕਲਦੇ ਆਮ ਰਾਹਗੀਰ ਤੇ ਕਾਲੋਨੀ ਵਾਸੀਆਂ ਵਿਚ ਨਿਗਮ ਅਧਿਕਾਰੀਆਂ ਤੇ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਇਸ ਦੀ ਮਿਸਾਲ ਵੀ ਲੀਲਾ ਭਵਨ ਦੇ ਇਲਾਕੇ ਵਿਚ ਦੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਕਿਸੇ ਵੱਡੀ ਘਟਨਾ ਦਾ ਵਾਪਰਨ ਦੀ ਚਿਤਾਵਨੀ ਇਲਾਕੇ ਦੇ ਕੌਂਸਲਰਾਂ ਵਲੋਂ ਵੀ ਨਗਰ ਨਿਗਮ ਦੇ ਜਨਰਲ ਹਾਊਸ ਵਿਚ ਦਿੱਤੀ ਜਾ ਚੁੱਕੀ ਹੈ ਪਰੰਤੂ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਕਾਰੇ ਖ਼ਿਲਾਫ਼ ਕਿਊਂ ਨਹੀਂ ਬੋਲ ਰਹੇ, ਇਹ ਓਹੀ ਜਾਣਦੇ ਹਨ।