ਸੰਗਠਨ ਸਕੱਤਰ ਮੰਤਰੀ ਸ੍ਰੀਨਿਵਾਸਲੁ ਦੇ ਵਿਰੋਧ ’ਚ ਭਾਜਪਾ ਦੇ ਟਕਸਾਲੀ ਵਰਕਰ 29 ਨੂੰ ਸੰਗਰੂਰ ਵਿਚ ਕੱਢਣਗੇ ‘ਪੰਜਾਬ ਭਾਜਪਾ ਬਚਾਓ ਯਾਤਰਾ’
ਸੰਗਰੂਰ, 26 ਅਗਸਤ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਮਹੀਨੇ ਮਹਿਜ਼ 12 ਦਿਨ ਬਾਅਦ ਅਹੁਦੇ ਤੋਂ ਹਟਾਏ ਗਏ ਜ਼ਿਲ੍ਹਾ ਪ੍ਰਧਾਨਾਂ ਦਾ ਮਾਮਲਾ ਸ਼ਾਂਤ ਹੋਣ ਦੀ ਥਾਂ ਹੋਰ ਤੂਲ ਫੜਦਾ ਜਾ ਰਿਹਾ ਹੈ। ਅੱਜ ਸੰਗਰੂਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਨੂੰ ਨਾਲ ਲੈ ਕੇ ਪਾਰਟੀ ਦੇ ਧੂਰੀ ਤੋਂ ਹਲਕਾ ਇੰਚਾਰਜ ਰਣਦੀਪ ਦਿਓਲ ਅਤੇ ਐੱਸ.
ਸੰਗਰੂਰ, 26 ਅਗਸਤ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਮਹੀਨੇ ਮਹਿਜ਼ 12 ਦਿਨ ਬਾਅਦ ਅਹੁਦੇ ਤੋਂ ਹਟਾਏ ਗਏ ਜ਼ਿਲ੍ਹਾ ਪ੍ਰਧਾਨਾਂ ਦਾ ਮਾਮਲਾ ਸ਼ਾਂਤ ਹੋਣ ਦੀ ਥਾਂ ਹੋਰ ਤੂਲ ਫੜਦਾ ਜਾ ਰਿਹਾ ਹੈ। ਅੱਜ ਸੰਗਰੂਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਨੂੰ ਨਾਲ ਲੈ ਕੇ ਪਾਰਟੀ ਦੇ ਧੂਰੀ ਤੋਂ ਹਲਕਾ ਇੰਚਾਰਜ ਰਣਦੀਪ ਦਿਓਲ ਅਤੇ ਐੱਸ.ਐੱਸ. ਬੋਰਡ ਦੇ ਸਾਬਕਾ ਮੈਂਬਰ ਜਤਿੰਦਰ ਕਾਲੜਾ ਵੱਲੋਂ ਰੱਖੀ ਗਈ ਪ੍ਰੈੱਸ ਵਾਰਤਾ ਦੌਰਾਨ ਮੁੜ ਭਾਜਪਾ ਦੇ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸਲੁ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਗਈ। ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਰਣਦੀਪ ਦਿਓਲ ਨੇ ਦੋਸ਼ ਲਗਾਏ ਕਿ ਸੰਗਠਨ ਮੰਤਰੀ ਸ਼੍ਰੀਨਿਵਾਸਲੁ ਵੱਲੋਂ ਭਾਜਪਾ ਦੇ ਟਕਸਾਲੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਦਾ ਜਿੰਦਾ ਜਾਗਦਾ ਸਬੂਤ ਇਹ ਹੈ ਕਿ ਬੀਤੀ ਕੱਲ੍ਹ ਪਾਰਟੀ ਦੇ ਕੌਮੀ ਸੰਗਠਨ ਮੰਤਰੀ ਬੀ.ਐਲ ਸੰਤੋਸ਼ ਵੱਲੋਂ ਪਟਿਆਲਾ ਵਿਖੇ ਕੀਤੀ ਗਈ ਜ਼ੋਨ ਪੱਧਰੀ ਮੀਟਿੰਗ ਦੌਰਾਨ ਉਨ੍ਹਾਂ ਆਗੂਆਂ ਨੂੰ ਸੱਦਾ ਹੀ ਨਹੀਂ ਦਿੱਤਾ ਗਿਆ ਜਿਨ੍ਹਾਂ ਵੱਲੋਂ ਸ਼੍ਰੀਨਿਵਾਸਲੁ ਖ਼ਿਲਾਫ਼ ਆਵਾਜ਼ ਚੁੱਕੀ ਗਈ ਹੈ। ਦਿਓਲ ਨੇ ਮੀਡੀਆ ਰਾਹੀਂ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਪਾਸੋਂ ਮੰਗ ਕੀਤੀ ਕਿ ਪਾਰਟੀ ਦੇ ਟਕਸਾਲੀ ਵਰਕਰਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਸੰਗਠਨ ਮੰਤਰੀ ਸ਼੍ਰੀਨਿਵਾਸਲੁ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਇਹ ਕਾਰਵਾਈ ਨਹੀਂ ਹੁੰਦੀ ਤਾਂ ਉਹ ਆਪਣੇ ਇੱਥੇ ਮੌਜੂਦ ਸਾਥੀਆਂ ਦੇ ਨਾਲ-ਨਾਲ ਭਾਜਪਾ ਨਾਲ ਜੁੜੇ ਹੋਰ ਵੱਡੀ ਗਿਣਤੀ ਵਿੱਚ ਆਗੂਆਂ ਨੂੰ ਨਾਲ ਲੈ ਕੇ 29 ਅਗਸਤ ਨੂੰ ਸੰਗਰੂਰ ਤੋਂ ‘ ਪੰਜਾਬ ਭਾਜਪਾ ਬਚਾਓ ਯਾਤਰਾ ’ ਦਾ ਆਗਾਜ਼ ਕੀਤਾ ਜਾਵੇਗਾ ਜਿਸ ਵਿੱਚ ਪਾਰਟੀ ਨੂੰ ਲੋਕਾਂ ਦਾ ਰੋਸ ਦਿਖਾਈ ਦਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੀ ਪਾਰਟੀ ਭਾਜਪਾ ਨਾਲ ਹੀ ਜੁੜੇ ਰਹਿਣਗੇ ਪਰ ਪਾਰਟੀ ਅੰਦਰ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਨਾ ਬਰਦਾਸ਼ਤ ਕਰਦਿਆਂ ਆਵਾਜ਼ ਬੁਲੰਦ ਕਰਦੇ ਰਹਿਣਗੇ। ਦਿਓਲ ਨੇ ਇਹ ਵੀ ਦੋਸ਼ ਲਗਾਇਆ ਕਿ ਮੰਥਰੀ ਸ਼੍ਰੀਨਿਵਾਸਲੁ ਖ਼ੁਦ ਨੂੰ ਸੰਗਠਨ ਮੰਤਰੀ ਦੇ ਨਾਲ-ਨਾਲ ਪੰਜਾਬ ਭਾਜਪਾ ਦਾ ਪ੍ਰਧਾਨ ਵੀ ਦੱਸ ਕੇ ਪਾਰਟੀ ਦੇ ਸਾਰੇ ਫ਼ੈਸਲੇ ਲੈ ਰਹੇ ਹਨ ਜਿਸ ਨਾਲ ਪੰਜਾਬ ਭਾਜਪਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਣਦੀਪ ਦਿਓਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੁਲੰਦ ਕੀਤੀ ਗਈ ਵਿਰੋਧ ਦੀ ਆਵਾਜ਼ ਕਾਰਨ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਬੁਲਾ ਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹਨ ਪਰ ਪੰਜਾਬ ਅੰਦਰ ਕੌਮੀ ਪ੍ਰਧਾਨ ਦੇ ਆਦੇਸ਼ਾਂ ਦੀ ਮੰਥਰੀ ਸ੍ਰੀਨਿਵਾਸਲੁ ਵੱਲੋਂ ਪਾਲਣਾ ਨਹੀਂ ਕੀਤੀ ਜਾ ਰਹੀ। ਸਾਬਕਾ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਨੇ ਕਿਹਾ ਕਿ ਪੰਜਾਬ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੁ ਪੰਜਾਬ ਭਾਜਪਾ ਅੰਦਰ ਜੰਮ ਕੇ ਗੁੰਡਾਗਰਦੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਤਾਂ ਇੱਥੋਂ ਤੱਕ ਸ਼ੱਕ ਹੈ ਕਿ ਸ੍ਰੀਨਿਵਾਸਲੁ ਨੇ ਪੰਜਾਬ ਦੀ ਭਾਜਪਾ ਇਕਾਈ ਨੂੰ ਕਿਸੇ ਹੋਰ ਪਾਰਟੀ ਨੂੰ ਹੀ ਵੇਚ ਦਿੱਤਾ ਹੈ। ਭਾਜਪਾ ਦੇ ਸਾਬਕਾ ਸੂਬਾ ਸਕੱਤਰ ਜਤਿੰਦਰ ਕਾਲੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਦੇ ਕੌਮੀ ਸੰਗਠਨ ਮੰਤਰੀ ਬੀ.ਐਲ ਸੰਤੋਸ਼ ਨੂੰ ਮਿਲਣ ਲਈ ਜ਼ੋਨਲ ਜਨਰਲ ਸਕੱਤਰ ਰਜਨੀਸ਼ ਧੀਮਾਨ ਨੂੰ ਫ਼ੋਨ ਕਰ ਕੇ ਸਮਾਂ ਮੰਗਿਆ ਗਿਆ ਸੀ ਸਕੱਤਰ ਵੱਲੋਂ ਇਸ ਸੰਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਭਾਜਪਾ ਨੂੰ ਆਪਣੇ ਟਕਸਾਲੀ ਕੈਡਰ ਦੀ ਸੁਣਵਾਈ ਕਰਨੀ ਹੀ ਪਵੇਗੀ। ਇਸ ਮੌਕੇ ਸਚਿਨ ਸ਼ਰਮਾ ਅਤੇ ਅਮਨਦੀਪ ਸਿੰਘ ਵੀ ਮੌਜੂਦ ਸਨ।