ਗਣਿਤਕ ਗਣਨਾ ਉਪਕਰਨ ਲਈ ਮੋਦੀ ਕਾਲਜ ਦੀਆਂ ਦੋ ਅਧਿਆਪਕਾਂ ਨੂੰ ਡਿਜ਼ਾਈਨ ਪੇਟੈਂਟ ਮਿਲਿਆ
ਪਟਿਆਲਾ, 1 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ, ਦੇ ਪੀ. ਜੀ.
ਪਟਿਆਲਾ, 1 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ, ਦੇ ਪੀ.ਜੀ. ਵਿਭਾਗ ਗਣਿਤ ਦੀਆਂ ਸਹਾਇਕ ਪ੍ਰੋਫੈਸਰ ਡਾ. ਚੇਤਨਾ ਤੇ ਡਾ. ਅਨੂ ਬਾਲਾ ਨੇ ਗਣਿਤ ਦੀ ਸਿੱਖਿਆ ਦੇ ਖੇਤਰ ਵਿਚ ਨਵੀਂ ਪਹਿਲ ਕਰਦਿਆਂ ਆਪਣੇ ਨਿਵੇਕਲੇ ਗਣਿਤਕ ਗਣਨਾ ਤੇ ਪ੍ਰਦਰਸ਼ਨੀ ਉਪਕਰਣ ਲਈ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਤੋਂ ਡਿਜ਼ਾਈਨ ਪੇਟੈਂਟ ਪ੍ਰਾਪਤ ਕੀਤਾ ਹੈ। ਦੋਵੇਂ ਅਧਿਆਪਕਾਂ ਵਲੋਂ ਤਿਆਰ ਕੀਤੇ ਗਏ ‘ਸਮਾਰਟ ਮੈਥੇਮੈਟੀਕਲ ਕੰਪਿਊਟੇਸ਼ਨ ਐਂਡ ਡੈਮੋਨਸਟ੍ਰੇਸ਼ਨ ਡਿਵਾਈਸ’ ਦਾ ਉਦੇਸ਼ ਗਣਿਤਕ ਗਣਨਾਵਾਂ ਦੇ ਨਾਲ-ਨਾਲ ਵੱਖ-ਵੱਖ ਗਣਿਤਕ ਧਾਰਨਾਵਾਂ ਨੂੰ ਵਿਦਿਆਰਥੀਆਂ ਸਾਹਮਣੇ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਹੈ। ਇਹ ਉਪਕਰਣ ਗਣਿਤ ਦੀਆਂ ਗੁੰਝਲਦਾਰ ਧਾਰਨਾਵਾਂ ਨੂੰ ਵਿਹਾਰਕ ਢੰਗ ਨਾਲ ਸਮਝਾਉਣ ਅਤੇ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਸਹਾਇਕ ਸਾਬਤ ਹੋ ਸਕਦਾ ਹੈ। ਇਸ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਡਾ. ਚੇਤਨਾ ਅਤੇ ਡਾ. ਅਨੂ ਬਾਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਵਲੋਂ ਖੋਜ ਅਤੇ ਨਵਾਚਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲੇ ਕਾਲਜ ਦੀ ਅਕਾਦਮਿਕ ਉੱਤਮਤਾ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੇਟੈਂਟ ਪ੍ਰਾਪਤ ਕਰਨਾ ਸੰਸਥਾ ਲਈ ਮਾਣ ਵਾਲੀ ਗੱਲ ਹੈ। ਵਿਭਾਗ ਮੁਖੀ ਡਾ. ਵਰੁਣ ਜੈਨ ਨੇ ਵੀ ਦੋਵੇਂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਤਿਆਰ ਕੀਤਾ ਗਿਆ ਇਹ ਉਪਕਰਣ ਗਣਿਤ ਦੀ ਸਿੱਖਿਆ ਨੂੰ ਹੋਰ ਰੁਚਿਕਰ, ਵਿਹਾਰਕ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਕਾਲਜ ਪ੍ਰਬੰਧਨ ਨੇ ਦੋਵੇਂ ਅਧਿਆਪਕਾਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਖੋਜ ਤੇ ਨਵਾਚਾਰ ਦੇ ਖੇਤਰ ਵਿਚ ਹੋਰ ਉਪਲਬਧੀਆਂ ਹਾਸਲ ਕਰਨ ਦੀ ਕਾਮਨਾ ਕੀਤੀ।