ਉੱਘੇ ਲੇਖਕ ਤੇ ਸਿੱਖਿਆ ਸ਼ਾਸਤਰੀ ਡਾ. ਵਿਦਵਾਨ ਸਿੰਘ ਸੋਨੀ ਦਾ ਦਿਹਾਂਤ
ਪੰਜਾਬੀ ਵਿਚ ਭੌਤਿਕ ਵਿਗਿਆਨ ਨੂੰ ਪ੍ਰਚਲਿਤ ਕਰਨ ਲਈ ਡਾ. ਸੋਨੀ ਦਾ ਯੋਗਦਾਨ ਇਤਿਹਾਸਿਕ-ਡਾ. ਦਰਸ਼ਨ ਸਿੰਘ ‘ਆਸ਼ਟ’
ਪਟਿਆਲਾ, 4 ਸਤੰਬਰ (ਗੁਰਵਿੰਦਰ ਸਿੰਘ ਔਲਖ)- ਪੰਜਾਬੀ ਦੇ ਉੱਘੇ ਲੇਖਕ, ਸਿੱਖਿਆ ਸ਼ਾਸਤਰੀ ਤੇ ਵਿਗਿਆਨ ਲੇਖਕ ਡਾ. ਵਿਦਵਾਨ ਸਿੰਘ ਸੋਨੀ (83) ਦਾ ਅੱਜ ਸਵੇਰੇ ਮੋਹਾਲੀ ਦੇ ਇਕ ਹਸਪਤਾਲ ਵਿਖੇ ਦਿਹਾਂਤ ਹੋ ਗਿਆ।
ਪਟਿਆਲਾ, 4 ਸਤੰਬਰ (ਗੁਰਵਿੰਦਰ ਸਿੰਘ ਔਲਖ)- ਪੰਜਾਬੀ ਦੇ ਉੱਘੇ ਲੇਖਕ, ਸਿੱਖਿਆ ਸ਼ਾਸਤਰੀ ਤੇ ਵਿਗਿਆਨ ਲੇਖਕ ਡਾ. ਵਿਦਵਾਨ ਸਿੰਘ ਸੋਨੀ (83) ਦਾ ਅੱਜ ਸਵੇਰੇ ਮੋਹਾਲੀ ਦੇ ਇਕ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਸਾਹਿਤਕ ਅਤੇ ਸਿੱਖਿਆ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਡਾ. ਸੋਨੀ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਵਿਚ ਭੌਤਿਕ ਵਿਗਿਆਨ ਨੂੰ ਪ੍ਰਚਲਿਤ ਕਰਨ ਲਈ ਡਾ. ਸੋਨੀ ਵਲੋਂ ਪਾਇਆ ਗਿਆ ਯੋਗਦਾਨ ਬੇਹੱਦ ਮੁੱਲਵਾਨ ਤੇ ਇਤਿਹਾਸਿਕ ਹੈ। ਉਨ੍ਹਾਂ ਕਿਹਾ ਕਿ ਡਾ. ਸੋਨੀ ਦੀ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਲੰਮੇ ਸਮੇਂ ਤੋਂ ਸਾਂਝ ਰਹੀ ਅਤੇ ਉਨ੍ਹਾਂ ਨੇ ਸਾਹਿਤ ਰਚਨਾ ਲਈ ਆਪਣੀ ਮਾਤ ਭਾਸ਼ਾ ਨੂੰ ਪਹਿਲ ਦਿੱਤੀ। ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਸਭਾ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫੈਲੋ ਵੀ ਰਹੇ। ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਵਿਚ ‘ਕਿਹ ਬਿਧਿ ਸਜਾ ਪ੍ਰਿਥਮ ਸੰਸਾਰਾਂ’, ‘ਭਿਅੰਕਰ ਕਿਰਲੇ’, ‘ਇਲੈਕਟ੍ਰਾਨਿਕਸ ਦੇ ਮੁੱਲ ਤੱਤ’, ‘ਚੰਨ’, ‘ਪਹੀਆ’ ਅਤੇ ‘ਕੀਮਤੀ ਪੱਥਰ’ ਆਦਿ ਸ਼ਾਮਿਲ ਹਨ। ਡਾ. ਸੋਨੀ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਸਾਢੇ 3 ਵਜੇ ਪਟਿਆਲਾ-ਰਾਜਪੁਰਾ ਰੋਡ ਸਥਿਤ ਬੀਰ ਜੀ ਦੀਆਂ ਮੜ੍ਹੀਆਂ ਵਿਖੇ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਅਨੁਜੋਤ ਸਿੰਘ ਸੋਨੀ ਨੇ ਉਨ੍ਹਾਂ ਦੀ ਦੇਹ ਨੂੰ ਅਗਨੀ ਦਿਖਾਈ। ਪੰਜਾਬੀ ਸਾਹਿਤ ਸਭਾ ਵਲੋਂ ਹੋਈ ਸ਼ੋਕ ਸਭਾ ਦੌਰਾਨ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਰਪ੍ਰਸਤ ਬਾਬੂ ਸਿੰਘ ਰੈਹਲ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਨੇ ਡਾ. ਸੋਨੀ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।