08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸ਼ਹਿਰ ’ਚ ਨਾਜਾਇਜ਼ ਮੱਛੀ ਵੇਚਣ ਵਾਲਿਆਂ ਦੇ ਕੱਟੇ ਚਾਲਾਨ

ਪਟਿਆਲਾ, 8 ਸਤੰਬਰ (ਅ. ਸ.

Ad Position 21
repet_subhas-goyals [Copy P29]
ਸ਼ਹਿਰ ਵਿਚ ਨਾਜਾਇਜ਼ ਮੱਛੀ ਵਿਕਰੇਤਾਵਾਂ ਦੇ ਚਾਲਾਨ ਕੱਟਦੇ ਹੋਏ ਨਗਰ ਨਿਗਮ ਅਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ। ਅਜੀਤ ਤਸਵੀਰ 09-09-2026
ਪਟਿਆਲਾ, 8 ਸਤੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ ਅੰਦਰ ਗ਼ੈਰ-ਕਾਨੂੰਨੀ ਢੰਗ ਨਾਲ ਅਤੇ ਖੁੱਲ੍ਹੀਆਂ ਥਾਵਾਂ ’ਤੇ ਮੱਛੀ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 16 ਚਾਲਾਨ ਕੱਟੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਲੋਂ ਜਨਤਕ ਥਾਵਾਂ ’ਤੇ ਨਾਜਾਇਜ਼ ਤੌਰ ’ਤੇ ਮੀਟ ਅਤੇ ਮੱਛੀ ਵੇਚਣ ’ਤੇ ਲਗਾਈ ਗਈ ਪਾਬੰਦੀ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਨਗਰ ਨਿਗਮ ਅਤੇ ਮੱਛੀ ਪਾਲਣ ਵਿਭਾਗ ਦੀ ਸਾਂਝੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੁਹਿੰਮ ਤਹਿਤ ਟੀਮਾਂ ਨੇ ਸੈਂਟਰਲ ਲਾਇਬ੍ਰੇਰੀ ਦੇ ਨਜ਼ਦੀਕ, ਮਥੁਰਾ ਕਲੋਨੀ ਸਮੇਤ ਹੋਰਨਾਂ ਰਿਹਾਇਸ਼ੀ ਤੇ ਬਾਜ਼ਾਰੀ ਖੇਤਰਾਂ ਵਿਚ ਛਾਪੇਮਾਰੀ ਕੀਤੀ। ਨਿਯਮਾਂ ਦੀ ਉਲੰਘਣਾ ਕਰਕੇ ਰੇਹੜੀਆਂ-ਫੜ੍ਹੀਆਂ ਲਗਾਉਣ ਵਾਲੇ ਦੁਕਾਨਦਾਰਾਂ ਦੇ ਮੌਕੇ ’ਤੇ ਹੀ 16 ਚਾਲਾਨ ਕੱਟੇ ਗਏ ਅਤੇ ਉਨ੍ਹਾਂ ਨੂੰ ਦੁਬਾਰਾ ਉਲੰਘਣਾ ਕਰਨ ’ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਇਸ ਸੰਬੰਧੀ ਚੀਫ਼ ਸੈਨੀਟੇਸ਼ਨ ਅਫ਼ਸਰ ਨਵਦੀਪ ਸ਼ਰਮਾ ਅਤੇ ਮੱਛੀ ਪਾਲਣ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਗੁਰਜੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਮੰਡੀਕਰਨ ਬੋਰਡ ਵਲੋਂ ਕੁਝ ਸਮਾਂ ਪਹਿਲਾਂ ਸਨੌਰ ਰੋਡ ਵਿਖੇ ਮੱਛੀ ਕਾਰੋਬਾਰੀਆਂ ਦੀ ਸਹੂਲਤ ਲਈ ਵਿਸ਼ੇਸ਼ ਦੁਕਾਨਾਂ ਬਣਾਈਆਂ ਗਈਆਂ ਸਨ। ਹਾਲਾਂਕਿ ਕੁਝ ਕੁ ਵਪਾਰੀਆਂ ਨੇ ਉੱਥੇ ਦੁਕਾਨਾਂ ਲਈਆਂ ਪਰ ਸ਼ਹਿਰ ਵਿਚ ਥਾਂ-ਥਾਂ ਗ਼ੈਰ-ਕਾਨੂੰਨੀ ਤੌਰ ’ਤੇ ਰੇਹੜੀਆਂ ਲੱਗਣ ਕਾਰਨ ਉਹ ਅਧਿਕਾਰਤ ਮਾਰਕੀਟ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ। ਇਸ ਦਾ ਖ਼ਮਿਆਜ਼ਾ ਸਨੌਰ ਰੋਡ ’ਤੇ ਦੁਕਾਨਾਂ ਲੈਣ ਵਾਲੇ ਕਾਰੋਬਾਰੀਆਂ ਨੂੰ ਆਰਥਿਕ ਨੁਕਸਾਨ ਦੇ ਰੂਪ ਵਿਚ ਝੱਲਣਾ ਪੈ ਰਿਹਾ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਨੌਰ ਰੋਡ ’ਤੇ ਬਣੀਆਂ ਦੁਕਾਨਾਂ ਵਿਚ ਮੱਛੀ ਵਿਕਰੇਤਾਵਾਂ ਲਈ ਹਰ ਤਰ੍ਹਾਂ ਦੇ ਲੋੜੀਂਦੇ ਅਤੇ ਪੁਖ਼ਤਾ ਪ੍ਰਬੰਧ ਉਪਲਬਧ ਹਨ। ਉਨ੍ਹਾਂ ਕਿਹਾ ਕਿ ਜਿਹੜੇ ਛੋਟੇ ਵਪਾਰੀ ਜਾਂ ਰੇਹੜੀ ਚਾਲਕ ਫ਼ਿਲਹਾਲ ਪੱਕੀਆਂ ਦੁਕਾਨਾਂ ਲੈਣ ਦੇ ਸਮਰੱਥ ਨਹੀਂ ਹਨ ਉਨਾਂ ਨੂੰ ਵੀ ਸੈਕਟਰੀ ਮਾਰਕੀਟ ਕਮੇਟੀ ਵਲੋਂ ਸਨੌਰ ਰੋਡ ਵਾਲੀ ਨਿਰਧਾਰਤ ਮਾਰਕੀਟ ਅੰਦਰ ਹੀ 20 ਤੋਂ ਵੱਧ ਨੂੰ ਆਪਣੀ ਰੇਹੜੀ ਜਾਂ ਫ਼ੜ੍ਹੀ ਲਗਾਉਣ ਦੀ ਮੰਨਜੁਰੀ ਦੇ ਦਿੱਤੀ ਗਈ ਹੈ। ਨਿਗਮ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਕਿ ਸ਼ਹਿਰ ਦੀਆਂ ਮੁੱਖ ਸੜਕਾਂ, ਰਿਹਾਇਸ਼ੀ ਕਾਲੋਨੀਆਂ ਅਤੇ ਸਕੂਲਾਂ-ਲਾਇਬ੍ਰੇਰੀਆਂ ਨੇੜੇ ਨਾਜਾਇਜ਼ ਢੰਗ ਨਾਲ ਮੱਛੀ ਵੇਚਣ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਹ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੋਹਣਜੀਤ ਸਿੰਘ ਸ਼ੇਰੋਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਜ਼ਮੀਨ ’ਤੇ ਨਾਜ਼ਾਇਜ਼ ਕਬਜ਼ਾ ਕਰਨ ਕੋਸ਼ਿਸ਼, ਢਾਈ ਦਰਜਨ ਨਾਮਜ਼ਦ
Ad Position 24