ਹਾਰ ਦੇ ਡਰੋਂ ਸਰਕਾਰ ਨੇ ਦੂਜੀ ਵਾਰ ਬੋਲੜ ਕਲਾਂ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਕਰਵਾਈ ਮੁਲਤਵੀ- ਗੌਰਵ ਸੰਧੂ
ਸਨੌਰ, 7 ਅਕਤੂਬਰ (ਮੋਹਨ ਸਿੰਘ ਭੱਟੀ)- ਪਿੰਡ ਬੋਲੜ ਕਲਾਂ ਵਿਖੇ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਸੱਤਾਧਾਰੀ ਧਿਰ ਵਲੋਂ ਹਾਰ ਦੇ ਡਰੋਂ ਲਗਾਤਾਰ ਦੂਜੀ ਵਾਰ ਸਰਕਾਰੀ ਮਸ਼ੀਨਰੀ ਤੇ ਪੁਲਿਸ ਪ੍ਰਸ਼ਾਸਨ ਦੀ ਕਥਿਤ ਦੁਰਵਰਤੋਂ ਕਰਕੇ ਚੋਣ ਮੁਲਤਵੀ ਕਰਵਾਏ ਜਾਣ ਦੇ ਗੰਭੀਰ ਦੋਸ਼ ਲਾਏ ਗਏ ਹਨ।
ਸਨੌਰ, 7 ਅਕਤੂਬਰ (ਮੋਹਨ ਸਿੰਘ ਭੱਟੀ)- ਪਿੰਡ ਬੋਲੜ ਕਲਾਂ ਵਿਖੇ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਸੱਤਾਧਾਰੀ ਧਿਰ ਵਲੋਂ ਹਾਰ ਦੇ ਡਰੋਂ ਲਗਾਤਾਰ ਦੂਜੀ ਵਾਰ ਸਰਕਾਰੀ ਮਸ਼ੀਨਰੀ ਤੇ ਪੁਲਿਸ ਪ੍ਰਸ਼ਾਸਨ ਦੀ ਕਥਿਤ ਦੁਰਵਰਤੋਂ ਕਰਕੇ ਚੋਣ ਮੁਲਤਵੀ ਕਰਵਾਏ ਜਾਣ ਦੇ ਗੰਭੀਰ ਦੋਸ਼ ਲਾਏ ਗਏ ਹਨ। ਇਸ ਸੰਬੰਧੀ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਪਿੰਡ ਦੇ ਸਰਪੰਚ ਰਣਦੀਪ ਸਿੰਘ ਰਾਣਾ ਅਤੇ ਸੁਸਾਇਟੀ ਦੇ ਚੁਣੇ ਹੋਏ ਮੈਂਬਰਾਂ ਨਾਲ ਹੰਗਾਮੀ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਗੌਰਵ ਸੰਧੂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਲੜ ਕਲਾਂ ਸੁਸਾਇਟੀ ਦੀ ਚੋਣ ਪਹਿਲਾਂ 15 ਸਤੰਬਰ ਨੂੰ ਹੋਣੀ ਤੈਅ ਸੀ, ਜਿਸ ਨੂੰ ਸਰਕਾਰ ਨੇ ਉਸ ਸਮੇਂ ਮੁਲਤਵੀ ਕਰਵਾ ਦਿੱਤਾ ਸੀ। ਇਸ ਉਪਰੰਤ ਅੱਜ 7 ਅਕਤੂਬਰ ਦਾ ਦਿਨ ਚੋਣ ਕਰਵਾਉਣ ਲਈ ਮਿਥਿਆ ਗਿਆ ਸੀ ਪਰ ਅੱਜ ਫਿਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਮੁਖੀ ਰਣਜੋਧ ਸਿੰਘ ਹਡਾਣਾ ਦੇ ਦਬਾਅ ਹੇਠ ਚੋਣ ਅਮਲ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਗਿਆ। ਜਦੋਂ ਸਰਪੰਚ ਰਣਦੀਪ ਸਿੰਘ ਰਾਣਾ ਨੇ ਸੈਕਟਰੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਹਸਪਤਾਲ ਦਾਖ਼ਲ ਹੋਣ ਦਾ ਬਹਾਨਾ ਬਣਾਇਆ, ਜਦਕਿ ਪਿੰਡ ਵਾਸੀਆਂ ਤੇ ਪੰਚਾਇਤ ਅਨੁਸਾਰ ਸੈਕਟਰੀ ਨੂੰ ਪੁਲਿਸ ਵਲੋਂ ਦਬਾਅ ਵਿਚ ਲੈ ਕੇ ਚੋਣ ਤੋਂ ਦੂਰ ਰੱਖਿਆ ਗਿਆ ਹੈ ਤਾਂ ਜੋ ਚੋਣ ਮੁਲਤਵੀ ਹੋ ਸਕੇ। ਇਸ ਮੌਕੇ ਸਰਪੰਚ ਰਣਦੀਪ ਸਿੰਘ ਰਾਣਾ ਅਤੇ ਪ੍ਰਧਾਨਗੀ ਦੇ ਉਮੀਦਵਾਰ ਕਰਮਜੀਤ ਸਿੰਘ ਨੇ ਕਿਹਾ ਕਿ ਪੰਚਾਇਤ ਅਤੇ ਚੁਣੇ ਹੋਏ ਬਹੁਮਤ ਮੈਂਬਰ ਇਕਜੁਟ ਹਨ ਪਰ ਸਰਕਾਰ ਲੋਕਤੰਤਰ ਦਾ ਗਲ਼ ਘੁੱਟ ਕੇ ਧੱਕੇਸ਼ਾਹੀ ’ਤੇ ਉੱਤਰ ਆਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਰਪੰਚ ਰਣਦੀਪ ਸਿੰਘ ਰਾਣਾ, ਕਰਮਜੀਤ ਸਿੰਘ ਪ੍ਰਧਾਨਗੀ ਉਮੀਦਵਾਰ, ਟੇਕ ਚੰਦ ਮੈਂਬਰ, ਕਰਨੈਲ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਗੋਪੀ ਮੈਂਬਰ, ਬੀਬੀ ਗੁਰਮੇਲ ਕੌਰ ਮੈਂਬਰ, ਬਾਬਾ ਨਿਰੰਜਨ ਸਿੰਘ, ਨਛੱਤਰ ਸਿੰਘ, ਕਮਲ ਸਿੰਘ ਬੋਲੜ, ਗੁਰਵੰਤ ਸਿੰਘ ਨੰਬਰਦਾਰ, ਦਲੀਪ ਸਿੰਘ ਨੰਬਰਦਾਰ, ਸਤਵਿੰਦਰ ਸਿੰਘ ਰਠੀਆ ਤੇ ਰਜਤ ਭਾਟੀਆ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।