ਪੰਜਾਬੀ ’ਵਰਸਿਟੀ ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੇ ਸਾਲਾਨਾ ਰਾਸ਼ਟਰੀ ਸੈਮੀਨਾਰ ਦਾ ਬਰੌਸ਼ਰ ਜਾਰੀ
ਪਟਿਆਲਾ, 8 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਪੰਜਵੇਂ ਸਾਲਾਨਾ ਰਾਸ਼ਟਰੀ ਸੈਮੀਨਾਰ ਦਾ ਜਾਣਕਾਰੀ ਬਰੌਸ਼ਰ ਜਾਰੀ ਕੀਤਾ ਗਿਆ।
ਪਟਿਆਲਾ, 8 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਪੰਜਵੇਂ ਸਾਲਾਨਾ ਰਾਸ਼ਟਰੀ ਸੈਮੀਨਾਰ ਦਾ ਜਾਣਕਾਰੀ ਬਰੌਸ਼ਰ ਜਾਰੀ ਕੀਤਾ ਗਿਆ। ‘ਆਧੁਨਿਕ ਯੁੱਗ ਦੀ ਖੇਤੀਬਾੜੀ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਆਟੋਮੇਸ਼ਨ ਦੀ ਭੂਮਿਕਾ’ ਵਿਸ਼ੇ ‘ਤੇ ਇਹ ਸੈਮੀਨਾਰ 3 ਨਵੰਬਰ, 2026 ਨੂੰ ਕਰਵਾਇਆ ਜਾਣਾ ਹੈ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਅਕਾਦਮਿਕ ਮਾਹਿਰਾਂ, ਖੋਜਕਰਤਾਵਾਂ, ਪੇਸ਼ੇਵਰਾਂ ਤੇ ਵਿਦਿਆਰਥੀਆਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਇਸ ਸੈਮੀਨਾਰ ਵਿਚ ਆਧੁਨਿਕ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਆਟੋਮੇਸ਼ਨ ਤੇ ਆਧੁਨਿਕ ਤਕਨੀਕਾਂ ਦੀ ਉੱਭਰ ਰਹੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਵਿਭਾਗ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਦੌਰਾਨ ਖੇਤੀਬਾੜੀ ਦੀ ਉਤਪਾਦਕਤਾ, ਕਾਰਜਕੁਸ਼ਲਤਾ, ਟਿਕਾਊਪਣ ਤੇ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿਚ ਤਕਨਾਲੋਜੀ ਦੀ ਸੰਭਾਵਨਾ ਬਾਰੇ ਵੀ ਵਿਚਾਰ ਕੀਤਾ ਜਾ ਸਕੇਗਾ। ਇਸ ਮੌਕੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਅਤੇ ਸੈਮੀਨਾਰ ਕਨਵੀਨਰ ਡਾ. ਸਿਕੰਦਰ ਸਿੰਘ ਚੀਮਾ ਨੇ ਮੌਜੂਦਾ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਯੁੱਗ ਵਿੱਚ ਸੈਮੀਨਾਰ ਦੀ ਮਹੱਤਤਾ ਤੇ ਪ੍ਰਸੰਗਿਕਤਾ ਦੇ ਹਵਾਲੇ ਨਾਲ਼ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਆਟੋਮੇਸ਼ਨ ਦੇ ਏਕੀਕਰਨ ਨਾਲ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਸਮਾਰਟ ਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ।ਇਸ ਮੌਕੇ ਪ੍ਰੋ. ਰਮਨ ਮੈਨੀ, ਡਾ. ਲਾਲ ਚੰਦ, ਡਾ. ਗੁਰਪ੍ਰੀਤ ਸਿੰਘ, ਡਾ. ਨਵਨੀਤ ਕੌਰ, ਡਾ. ਨਵਜੋਤ ਕੌਰ, ਡਾ. ਧਵਲੀਸ਼ ਰੱਤਨ, ਡਾ. ਸੁਖਵਿੰਦਰ ਸਿੰਘ ਸਰਨ, ਜਸਵਿੰਦਰ ਜੋਗੀ, ਇੰਜੀ. ਹਰਮੀਤ ਸਿੰਘ ਤੇ ਇੰਜੀ. ਸਾਹਿਲ ਸਿੰਘ ਆਦਿ ਮੌਜੂਦ ਸਨ।