ਪਟਿਆਲਾ, 9 ਨਵੰਬਰ (ਅ.ਸ. ਆਹਲੂਵਾਲੀਆ)-ਸ੍ਰਿਸ਼ਟੀ ਰਚੇਤਾ ਭਗਵਾਨ ਵਿਸ਼ਵਕਰਮਾ ਜੈਯੰਤੀ ਨੂੰ ਸਮਰਪਿਤ ਕਈ ਥਾਈ ਸਮਾਗਮ ਕੀਤੇ ਗਏ। ਜਿਸ ’ਚ ਭਾਜਪਾਈ ਆਗੂ ਸਤਬੀਰ ਸਿੰਘ ਖੱਟੜਾ ਅਤੇ ਉਨ੍ਹਾਂ ਦੀ ਟੀਮ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਮੰਦਰਾਂ ਦੀਆਂ ਕਮੇਟੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸ. ਖੱਟੜਾ ਨੇ ਕੀਰਤੀ ਸਮਾਜ ਨੂੰ ਵਿਸ਼ਵਕਰਮਾ ਜੈਯੰਤੀ ’ਦੀ ਮੁਬਾਰਕਵਾਦ ਦਿੱਤੀ ਅਤੇ ਕਿਹਾ ਕਿ ਅੱਜ ਇਹ ਕੀਰਤੀ ਸਮਾਜ ਸਾਨੂੰ ਦਸਾਂ ਨੌਹਾਂ ਦੀ ਕਿਰਤ ਕਰਕੇ ਖਾਣ ਦੀ ਪ੍ਰੇਰਨਾ ਦੇ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਯੁਵਰਾਜ ਜੱਸੋਵਾਲ ਮੁਖ ਬੁਲਾਰਾ ਭਾਜਪਾ ਨੇ ਵੀ ਸ਼ਿਰਕਤ ਕੀਤੀ ਅਤੇ ਦੱਸਿਆ ਕਿ ਵਿਸ਼ਵਕਰਮਾ ਨਾਮ ਲੇਵਾ ਸੰਗਤ ਵਲੋਂ ਜਿਸ ਤਰ੍ਹਾਂ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਪਿਰਤ ਪਾਈ ਹੋਈ ਹੈ ਉਹ ਸਾਰਿਆਂ ਲਈ ਵੀ ਪ੍ਰੇਰਨਾ ਸਰੋਤ ਹੈ।