ਸ੍ਰੀ ਮੁਕਤਸਰ ਸਾਹਿਬ, 4 ਜਨਵਰੀ (ਹਰਮਹਿੰਦਰ ਪਾਲ)- ਪੰਜਾਬ ਸਰਕਾਰ ਨੇ ਸੂਬੇ ਦੇ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਮਹਿੰਗੀਆਂ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ 'ਚ ਰਾਹਤ ਦੇਣ ਲਈ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ | ਇਹ ਕਾਰਡ 8 ਜਨਵਰੀ ਤੋਂ ਬਣਨੇ ਸ਼ੁਰੂ ਹੋ ਜਾਣਗੇ | ਇਸ ਯੋਜਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੀ ਗੰਭੀਰ ਦਿਖ ਰਿਹਾ ਹੈ | ਯੋਜਨਾ ਤਹਿਤ ਕਾਰਡ ਬਣਾਉਣ 'ਚ ਤੇਜ਼ੀ ਲਿਆਉਣ ਲਈ ਇਸ ਲਈ ਮੈਨ ਪਾਵਰ ਵੀ ਵਧਾਈ ਗਈ ਹੈ | ਵਰਤਮਾਨ 'ਚ 144 ਸਟਾਫ਼ ਕਰਮਚਾਰੀਆਂ ਨੂੰ ਯੋਜਨਾ ਤਹਿਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ | ਜਦੋਂ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਤਾਂ ਹੋਰ ਕਰਮਚਾਰੀਆਂ ਨੂੰ ਵੀ ਇਸ 'ਚ ਸ਼ਾਮਿਲ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਪੰਜ ਲੱਖ ਰੁਪਏ ਤੱਕ ਦੇ ਇਲਾਜ ਦੀ ਆਯੂਸ਼ਮਾਨ ਯੋਜਨਾ ਤਹਿਤ ਜ਼ਿਲ੍ਹੇ ਵਿਚ 3.77 ਲੱਖ ਲੋਕ ਰਜਿਸਟਰਡ ਹਨ, ਜੋ ਇਸ ਦਾ ਲਾਭ ਲੈ ਰਹੇ ਹਨ | ਕਾਰਡ ਬਣਾਉਣ ਦੇ ਕੰਮ ਦੀ ਇੰਚਾਰਜ ਸੰਦੀਪ ਕੌਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਪੰਜ ਲੱਖ ਰੁਪਏ ਦੀ ਯੋਜਨਾ ਦਾ ਕਾਰਡ ਬਣਵਾ ਰੱਖਿਆ ਹੈ, ਉਹ ਪੰਜਾਬ ਸਰਕਾਰ ਦੀ ਦਸ ਲੱਖ ਦੀ ਯੋਜਨਾ ਦਾ ਵੀ ਲਾਭ ਲੈ ਸਕਣਗੇ | ਇਸ 'ਚ ਉਨ੍ਹਾਂ ਦੀ ਰੀ-ਕੇ.ਵਾਈ.ਸੀ. ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੇ ਕਾਰਡ 'ਚ ਉਸ ਨੂੰ ਮਰਜ਼ ਕੀਤਾ ਜਾਵੇਗਾ | ਇਹ ਯੋਜਨਾ ਗ਼ਰੀਬ, ਮੱਧਮ ਵਰਗ ਤੇ ਜ਼ਰੂਰਤਮੰਦ ਪਰਿਵਾਰਾਂ ਲਈ ਆਰਥਿਕ ਸੁਰੱਖਿਆ ਦਾ ਮਜ਼ਬੂਤ ਆਧਾਰ ਬਣੇਗੀ | ਇਸ ਯੋਜਨਾ ਦਾ ਲਾਭ ਲੈਣ ਲਈ ਸੂਬੇ ਦੇ ਨਿਵਾਸੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ | ਇਸ ਲਈ ਲਾਭਪਾਤਰੀ ਦਾ ਸੂਬੇ ਵਿਚ ਸਥਾਈ ਨਿਵਾਸੀ ਹੋਣਾ ਲਾਜ਼ਮੀ ਹੈ | ਪਛਾਣ ਤੇ ਨਿਵਾਸ ਪ੍ਰਮਾਣ ਪੱਤਰ ਲਈ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਆਈ.ਡੀ. ਅਤੇ ਹੋਰ ਦਸਤਾਵੇਜ਼ ਸਵੀਕਾਰ ਕੀਤੇ ਜਾਣਗੇ | ਸਰਕਾਰੀ ਜਾਣਕਾਰੀ ਅਨੁਸਾਰ ਸਿਹਤ ਬੀਮਾ ਕਾਰਡ ਦੇ ਜ਼ਰੀਏ ਲਾਭਪਾਤਰੀ ਰਾਜ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਵੀ ਇਲਾਜ ਕਰਵਾ ਸਕਣਗੇ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹਾਲੇ 14 ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ | ਇਲਾਜ ਦੌਰਾਨ ਕਿਸੇ ਵੀ ਕਿਸਮ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ | ਹਸਪਤਾਲ ਵਿਚ ਭਰਤੀ ਸਮੇਂ ਕੇਵਲ ਸਿਹਤ ਬੀਮਾ ਕਾਰਡ ਤੇ ਪਛਾਣ ਦਿਖਾਉਣੀ ਹੋਵੇਗੀ, ਜਿਸ ਤੋਂ ਬਾਅਦ ਹਸਪਤਾਲ ਸਿੱਧਾ ਬੀਮਾ ਏਜੰਸੀ ਜਾਂ ਸਰਕਾਰ ਤੋਂ ਭੁਗਤਾਨ ਪ੍ਰਾਪਤ ਕਰੇਗਾ | ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਇਸ ਸਿਹਤ ਬੀਮਾ ਕਾਰਡ ਦੇ ਤਹਿਤ ਮਰੀਜ਼ ਅਤੇ ਉਸ ਦੇ ਪਰਿਵਾਰ 'ਤੇ ਪੈਣ ਵਾਲਾ ਖ਼ਰਚਾ ਕਾਫ਼ੀ ਹੱਦ ਤੱਕ ਘੱਟ ਹੋਵੇਗਾ | ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਿਹਤ ਬੀਮਾ ਕਾਰਡ ਦੇ ਤਹਿਤ ਹਸਪਤਾਲ ਵਿਚ ਭਰਤੀ ਰਹਿਣ ਨਾਲ ਜੁੜੇ ਖ਼ਰਚੇ ਨੂੰ ਸ਼ਾਮਿਲ ਕੀਤਾ ਹੈ | ਇਸ ਵਿਚ ਦਿਲ, ਕੈਂਸਰ, ਕਿਡਨੀ ਤੇ ਲੀਵਰ ਨਾਲ ਜੁੜੀਆਂ ਬਿਮਾਰੀਆਂ, ਹਾਦਸਿਆਂ ਵਿਚ ਗੰਭੀਰ ਸੱਟ, ਵੱਡੇ ਆਪ੍ਰੇਸ਼ਨ ਅਤੇ ਲੰਮੇ ਸਮੇਂ ਤੱਕ ਹਸਪਤਾਲ ਵਿਚ ਭਰਤੀ ਰਹਿਣ ਦੇ ਖ਼ਰਚੇ ਸ਼ਾਮਿਲ ਹਨ | ਇਸ ਨਾਲ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰ 'ਤੇ ਪੈਣ ਵਾਲਾ ਆਰਥਿਕ ਬੋਝ ਕਾਫ਼ੀ ਹੱਦ ਤੱਕ ਘੱਟ ਹੋਵੇਗਾ | ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਿਹਤ ਬੀਮਾ ਕਾਰਡ ਯੋਜਨਾ ਵਿਚ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਜਾਣਗੇ | ਫ਼ਰਜ਼ੀ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਆਧਾਰ ਆਧਾਰਿਤ ਅਰਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸਾਰੇ ਰਿਕਾਰਡ ਡਿਜੀਟਲ ਕੀਤੇ ਜਾਣਗੇ | ਇਸ ਯੋਜਨਾ ਨਾਲ ਗੰਭੀਰ ਬਿਮਾਰੀਆਂ ਦੀ ਸਥਿਤੀ ਵਿਚ ਮਹਿੰਗੇ ਇਲਾਜ ਦਾ ਜ਼ਰੂਰਤਮੰਦਾਂ ਨੂੰ ਲਾਭ ਹੋਵੇਗਾ |