ਸਾਦਿਕ, 4 ਜਨਵਰੀ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਬੋਹੜ ਸਿੰਘ ਰੁਪੱਈਆਂ ਵਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਦੀ ਅਗਵਾਈ 'ਚ 7 ਜਨਵਰੀ ਨੂੰ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਦੇ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਅਤੇ ਐਸ.ਕੇ.ਐਮ ਗੈਰ ਰਾਜਨੀਤਿਕ ਦੇ ਭਵਿੱਖ ਦੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਪਿੰਡ ਪਿੰਡ ਪ੍ਰਚਾਰ ਕਰਨ 'ਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਹੋਈ | ਉਨ੍ਹਾਂ ਕਿਹਾ ਕਿ ਕਿਸਾਨੀ ਉੱਪਰ ਹਰ ਰੋਜ਼ ਸਰਕਾਰਾਂ ਵਲੋਂ ਸਾਜਿਸ਼ਾਂ ਤਹਿਤ ਹਮਲੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ | ਜਿਸ ਦੀ ਕੜੀ ਤਹਿਤ ਹੀ ਫ਼ਰੀ ਟਰੇਡ ਐਗਰੀਮੈਂਟ ਦੀ ਨੀਤੀ ਲਿਆ ਕੇ ਭਾਰਤ ਦਾ ਖੇਤੀ ਖੇਤਰ ਖੋਲ੍ਹਣ ਲਈ ਭਾਰਤ ਸਰਕਾਰ ਵਲੋਂ ਬਾਹਰ ਤੋਂ ਆਉਣ ਵਾਲੀਆਂ ਫ਼ਸਲਾਂ ਉੱਪਰੋਂ ਟੈਕਸ ਨੂੰ ਖਤਮ ਕਰਕੇ ਖੇਤੀ ਖੇਤਰ ਨੂੰ ਉਜਾੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਵਲੋਂ ਪੰਜਾਬ ਭਰ ਵਿਚ ਸਰਕਾਰੀ ਹੜ੍ਹਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਕਰਕੇ ਕਿਸਾਨੀ ਦਾ ਲੱਕ ਤੋੜਿਆ ਗਿਆ ਅਤੇ ਹੁਣ ਪਹਿਲਾਂ ਹੀ ਆਰਥਿਕ ਤੌਰ 'ਤੇ ਟੁੱਟ ਚੁੱਕੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਵਿਚ ਪਾਉਣ ਲਈ ਯੂਰੀਆ ਖਾਦ ਨਹੀਂ ਮਿਲ ਰਹੀ | ਜਿਸ ਸਬੰਧੀ ਉਨ੍ਹਾਂ ਵਲੋਂ ਚੀਫ਼ ਐਗਰੀਕਲਚਰ ਫ਼ਰੀਦਕੋਟ ਨੂੰ ਮਿਲ ਕੇ ਕਿਸਾਨਾਂ ਨੂੰ ਆਪਣੀ ਫ਼ਸਲ ਵਿਚ ਪਾਉਣ ਲਈ ਯੂਰੀਆ ਖਾਦ ਮੁਹੱਈਆ ਕਰਵਾਉਣ ਸਬੰਧੀ ਮੰਗ ਰੱਖੀ ਗਈ ਸੀ ਪਰ ਕਿਸਾਨਾਂ ਨੂੰ ਫ਼ਸਲ ਵਿਚ ਖਾਦ ਪਾਉਣ ਲਈ ਸਰਕਾਰ ਅਤੇ ਪੰਜਾਬ ਐਗਰੀਕਲਚਰ ਮਹਿਕਮੇ ਦੀ ਨਲਾਇਕੀ ਕਾਰਨ ਖਾਦ ਨਹੀਂ ਮਿਲ ਰਹੀ | ਜਿਸ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ 7 ਜਨਵਰੀ ਨੂੰ ਚੀਫ਼ ਐਗਰੀਕਲਚਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ | ਜਿਸ ਸਬੰਧੀ ਅੱਜ ਦੀ ਮੀਟਿੰਗ ਵਿਚ 7 ਜਨਵਰੀ ਦੇ ਧਰਨੇ ਅਤੇ ਐਸ.ਕੇ.ਐਮ ਗੈਰ ਰਾਜਨੀਤਿਕ ਭਾਰਤ ਦੇ ਆਉਣ ਵਾਲੇ ਭਵਿੱਖ ਦੇ ਪ੍ਰੋਗਰਾਮ ਦੀ ਤਿਆਰੀ ਅਤੇ ਲਾਮਬੰਦੀ ਸਬੰਧੀ ਉਨ੍ਹਾਂ ਵਲੋਂ ਸਾਰੇ ਬਲਾਕਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ | ਇੰਦਰਜੀਤ ਸਿੰਘ ਘਣੀਆ ਨੇ ਕਿਹਾ ਕਿ ਕਾਰਪੋਰੇਟ ਪੱਖੀ ਸਰਕਾਰ ਵਲੋਂ ਲਿਆਂਦੀਆਂ ਜਾ ਰਹੀਆਂ ਕਿਸਾਨ ਮਾਰੂ ਨੀਤੀਆਂ ਦਾ ਟਾਕਰਾ ਕਰਨ ਲਈ ਹਰ ਇਕ ਵਰਗ ਦਾ ਇਕੱਠੇ ਹੋਣਾ ਅਤੇ ਖੇਤੀ ਖੇਤਰ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹੋਏ ਹਰ ਇਕ ਵਿਅਕਤੀ ਦਾ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਇਨ੍ਹਾਂ ਲੋਕ ਮਾਰੂ ਨੀਤੀਆਂ ਦਾ ਟਾਕਰਾ ਕਰ ਸਕਦੇ ਹਾਂ | ਇਸ ਮੌਕੇ ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ ਫ਼ਰੀਦਕੋਟ, ਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ, ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਬਲਾਕ ਪ੍ਰਧਾਨ ਸਾਦਿਕ, ਬਲਾਕ ਕੋਟਕਪੂਰਾ ਤੋਂ ਕਮੇਟੀ ਮੈਂਬਰ ਨਿਰਮਲ ਸਿੰਘ ਢਿਲਵਾਂ, ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿਲਵਾਂ, ਯੂਥ ਆਗੂ ਜਤਿੰਦਰਜੀਤ ਸਿੰਘ ਹਾਜ਼ਰ ਸਨ |