ਕੋਟਕਪੂਰਾ, 4 ਜਨਵਰੀ (ਮੋਹਰ ਸਿੰਘ ਗਿੱਲ)-ਸੰਯੁਕਤ ਕਿਸਾਨ ਮੋਰਚੇ ਦੇ ਉਲੀਕੇ ਹੋਏ ਪ੍ਰੋਗਰਾਮ ਤਹਿਤ ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਬਲਾਕ ਕੋਟਕਪੁਰਾ ਵਲੋਂ ਵੱਖ-ਵੱਖ ਪਿੰਡਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਬਿੱਲ ਜਿਵੇਂ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ 2025, ਮਨਰੇਗਾ ਦਾ ਨਾਮ ਬਦਲ ਕੇ ਮਜ਼ਦੂਰਾਂ ਦੇ ਹੱਕ ਖੋਹਣੇ, 44 ਕਿਰਤ ਕਾਨੂੰਨ ਤੋੜ ਕੇ ਚਾਰ ਲੇਬਰ ਕੋਡ ਲਿਆਉਣਾ ਆਦਿ ਮੰਗਾਂ ਨੂੰ ਲੈ ਕੇ ਪਿੰਡ ਚਹਿਲ, ਕੋਟਸੁਖੀਆ, ਅÏਲਖ, ਜਿਉੂਣ ਵਾਲਾ ਅਤੇ ਸਿਵੀਆਂ ਆਦਿ ਪਿੰਡਾਂ ਵਿਚ ਰੋਸ ਰੈਲੀਆਂ ਕਰਕੇ ਪਿੰਡਾਂ ਵਿਚ ਝੰਡਾ ਮਾਰਚ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਬਿੱਲ ਰੱਦ ਨਾ ਕੀਤੇ ਤਾਂ ਇਕ ਝੰਡੇ ਥੱਲੇ ਇਕੱਠੇ ਹੋ ਕੇ ਸਾਂਝੇ ਰੂਪ 'ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਵਿੱਢੇ ਜਾਣਗੇ | ਇਸੇ ਲੜੀ ਤਹਿਤ 16 ਜਨਵਰੀ ਨੂੰ ਡੀ.ਸੀ ਦਫ਼ਤਰ ਫ਼ਰੀਦਕੋਟ ਵਿਖੇ ਭਰਵੇਂ ਇਕੱਠ ਲੈ ਕੇ ਪਹੁੰਚਣ ਦੀ ਅਪੀਲ ਕੀਤੀ ਗਈ | ਇਸ ਝੰਡਾ ਮਾਰਚ 'ਚ ਬੀ.ਕੇ.ਯੂ ਕੌਮੀ ਕਿਸਾਨ ਯੂਨੀਅਨ, ਬੀ.ਕੇ.ਯੂ ਕਾਦੀਆਂ, ਬੀ.ਕੇ.ਯੂ ਏਕਤਾ ਡਕੌਂਦਾ ਧਨੇਰ, ਬੀ.ਕੇ.ਯੂ ਲੱਖੋਵਾਲ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਬੀ.ਕੇ.ਯੂ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਬੀ.ਕੇ.ਯੂ ਡਕੌਂਦਾ ਬੁਰਜ ਗਿੱਲ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ |