ਬਰਗਾੜੀ, 5 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਭਲੀ-ਭਾਂਤ ਵਾਕਫ਼ ਹਾਂ ਕਿ ਪੂਰੇ ਪੰਜਾਬ 'ਚ ਜ਼ਿਆਦਾਤਰ ਡਰੇਨਾਂ ਦੇ ਪੁਲ ਘੋਨੇ ਹੋਣ ਕਾਰਨ ਹੁਣ ਤੱਕ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ | ਇਸ ਦੇ ਬਾਵਜੂਦ ਸਰਕਾਰ ਦੇ ਸੰਬੰਧਿਤ ਵਿਭਾਗ ਦਾ ਇਨ੍ਹਾਂ ਘੋਨੇ ਪੁਲਾਂ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਹੈ | ਇਸ ਦੀਆਂ ਅਨੇਕ ਉਦਾਹਰਣਾਂ ਪੜ੍ਹੀਆਂ, ਸੁਣੀਆਂ ਤੇ ਦੇਖੀਆਂ ਜਾ ਸਕਦੀਆਂ ਹਨ | ਇਸ ਲੜੀ ਤਹਿਤ ਹੀ ਕਸਬਾ ਬਰਗਾੜੀ ਦੇ ਨਜ਼ਦੀਕ ਦੀ ਲੰਘਦੀ ਡਰੇਨ 'ਤੇ ਜੋ ਬੁਰਜ ਹਰੀਕਾ ਨੂੰ ਜਾਣ ਵਾਲੀ ਸੜਕ 'ਤੇ ਪੁਲ ਬਣਿਆ ਹੋਇਆ ਹੈ, ਇਸ 'ਤੇ ਭਾਂਵੇ ਸੰਬੰਧਿਤ ਵਿਭਾਗ ਵਲੋਂ ਲਗਾਈਆਂ ਥੰਮੀਆਂ, ਲੋਹੇ ਦੇ ਸਰੀਏ ਪਾ ਕੇ ਆਰਜ਼ੀ ਜਿਹੀਆਂ ਰੁਕਾਵਟਾਂ ਲਗਾਈਆਂ ਸਨ ਜੋ ਚੋਰਾਂ ਤੇ ਖਾਸਕਰ ਨਸ਼ਈ ਵਿਅਕਤੀਆਂ ਵਲੋਂ ਥੰਮੀਆਂ ਨੂੰ ਤੋੜ ਕੇ ਇਹ ਸਰੀਏ ਕੱਢ ਲਏ ਗਏ | ਇਸ ਕਰਕੇ ਇਹ ਪੁਲ ਬਿਲਕੁਲ ਘੋਨਾ ਹੋ ਚੱੁਕਿਆ ਹੈ | ਪਿਛਲੇ ਕਾਫੀ ਸਮੇਂ ਤੋਂ ਇਸ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ | ਆਮ ਹਾਲਤਾਂ 'ਚ ਤਾਂ ਲੋਕ ਸਾਵਧਾਨੀ ਨਾਲ ਇਸ ਨੂੰ ਪਾਰ ਕਰ ਲੈਂਦੇ ਹਨ ਪ੍ਰੰਤੂ ਹੁਣ ਧੰੁਦ ਦਾ ਮੌਸਮ ਹੋਣ ਕਰਕੇ ਇਥੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਸੜਕ ਬਰਗਾੜੀ ਮੁੱਖ ਮਾਰਗ ਨਾਲ ਕਈ ਪਿੰਡਾਂ ਜਿਵੇਂ ਬੁਰਜ ਹਰੀਕਾ, ਸਿਬੀਆਂ, ਮੱਲਕੇ ਅਤੇ ਬਰਗਾੜੀ ਦੀਆਂ ਬਸਤੀਆਂ ਨੂੰ ਜੋੜਦੀ ਹੋਣ ਕਰਕੇ ਇਸ 'ਤੇ ਰਾਹਗੀਰਾਂ ਦਾ ਆਉਣਾ ਜਾਣਾ ਲਗਪਗ 24 ਘੰਟੇ ਲੱਗਿਆ ਰਹਿੰਦਾ ਹੈ | ਇਸ ਕਰਕੇ ਇੱਥੇ ਕਿਸੇ ਵੀ ਸਮੇ ਹਾਦਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਭਾਂਵੇ ਸਮਾਜਸੇਵੀ ਮਾ. ਨਾਇਬ ਸਿੰਘ ਨੇ ਹਾਦਸਿਆਂ ਤੋਂ ਬਚਾਅ ਲਈ ਪੁਲ ਦੀਆਂ ਟੁੱਟੀਆਂ ਫੁੱਟੀਆਂ ਥੰਮੀਆਂ 'ਤੇ ਰਿਫਲੈਕਟਰ ਪੱਟੀਆਂ ਲਾਈਆਂ ਹਨ ਪ੍ਰੰਤੂ ਇਹ ਵੀ ਕੋਈ ਪੱਕਾ ਹੱਲ ਨਹੀ | ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਬੰਧਤ ਵਿਭਾਗ ਨੇ ਇਸ ਘੋਨੇ ਪੁਲ ਦੀ ਹਾਲਤ ਸੁਧਾਰਨ ਲਈ ਕੋਈ ਧਿਆਨ ਨਹੀ ਦਿੱਤਾ ਪ੍ਰੰਤੂ ਜਦੋਂ ਇਥੇ ਹਾਦਸੇ ਨਾਲ ਕਿਸੇ ਦੀ ਜਾਨ ਚਲੀ ਗਈ ਤਾਂ ਫਿਰ ਸਾਰਾ ਪ੍ਰਸ਼ਾਸਨ ਇਥੇ ਮੌਕਾ ਵੇਖਣ ਆਵੇਗਾ, ਹੁਣ ਕਿਸੇ ਦੇ ਕੰਨ 'ਤੇ ਕੋਈ ਜੂੰ ਨਹੀਂ ਸਕਦੀ | ਇਸ ਕਰਕੇ ਹੀ ਸਰਕਾਰਾਂ ਦੇ ਸੰਬੰਧਿਤ ਵਿਭਾਗਾਂ ਬਾਰੇ ਇਹ ਕਹਾਵਤ ਆਮ ਸੁਣਨ ਨੂੰ ਮਿਲਦੀ ਹੈ ਕਿ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਸੱਪ ਦੇ ਲੰਘਣ ਤੋਂ ਬਾਅਦ ਉਸ ਦੀ ਲੀਹ ਕੁੱਟਣ 'ਚ ਵਿਸ਼ਵਾਸ ਰੱਖਦੇ ਹਨ ਭਾਵ ਕਿ ਉਹ ਕਿਸੇ ਘਟਨਾ ਦੇ ਵਾਪਰਨ ਤੋਂ ਬਾਅਦ ਹਰਕਤ 'ਚ ਆਉਂਦੇ ਹਨ | ਉਨ੍ਹਾਂ ਸਰਕਾਰ ਦੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹ ਉਪਰੋਕਤ ਕਹਾਵਤ ਨੂੰ ਸੱਚੀ ਸਿੱਧ ਹੋਣ ਤੋਂ ਪਹਿਲਾਂ ਹੀ ਇਸ ਘੋਨੇ ਪੁਲ ਦੀ ਹਾਲਤ ਸੁਧਾਰਨ ਵੱਲ ਧਿਆਨ ਦੇਵੇ |