ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਰਮਹਿੰਦਰ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬੇਵਾਲਾ ਵਿਖੇ 31 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨਾ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਤੇ ਚਿੰਨ੍ਹਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਇੰਚਾਰਜ ਪਿ੍ੰਸੀਪਲ ਪੂਜਾ ਬੱਤਰਾ ਦੀ ਅਗਵਾਈ ਵਿਚ 11ਵੀਂ ਤੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਉਚੇਚੇ ਤੌਰ 'ਤੇ ਦੋਪਹੀਆ ਵਾਹਨ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਸੰਬੰਧੀ ਪ੍ਰੇਰਿਤ ਕੀਤਾ ਗਿਆ | ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਲੈਕ. ਚੰਚਲ ਕਟਾਰੀਆ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ 'ਤੇ ਕਿਵੇਂ ਸੁਰੱਖਿਅਤ ਰਹਿਣਾ ਹੈ ਅਤੇ ਪਦ-ਯਾਤਰੀ ਵਜੋਂ ਸੜਕ ਨੂੰ ਠੀਕ ਤਰੀਕੇ ਨਾਲ ਕਿਵੇਂ ਪਾਰ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਬੱਚਿਆਂ ਨੂੰ ਟ੍ਰੈਫ਼ਿਕ ਚਿੰਨ੍ਹਾਂ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਨਰਪਿੰਦਰ ਕੌਰ, ਪ੍ਰੀਤੀ ਗੁਪਤਾ, ਜਸ਼ਨਦੀਪ ਕੌਰ, ਮੈਡਮ ਆਸਥਾ, ਜਸਵੀਰ ਕੌਰ, ਦਵਿੰਦਰ ਸਿੰਘ, ਰਵਿੰਦਰਪਾਲ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |