ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਫ਼ਰੀਡਮ ਫਾਈਟਰ ਉੱਤਰਾਅਧਿਕਾਰੀ ਸੰਸਥਾ ਪੰਜਾਬ ਦੇ ਸੂਬਾ ਪ੍ਰਧਾਨ ਚੇਤਿੰਨ ਸਿੰਘ ਸੇਖੋਂ ਮਾਨਸਾ ਦੀ ਅਗਵਾਈ ਹੇਠ ਸੁਨਾਮ ਵਿਖੇ ਦੇਸ਼ ਭਗਤ ਪਰਿਵਾਰਾਂ ਦੇ ਸੰਵਿਧਾਨਕ ਹੱਕਾਂ ਲਈ ਅਣਮਿਥੇ ਸਮੇਂ ਲਈ ਲੱਗੇ ਧਰਨੇ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 129ਵੇਂ ਜਨਮ ਦਿਹਾੜੇ ਨੂੰ ਮਨਾਉਣ ਉਪਰੰਤ ਕੱਲ੍ਹ 9ਵੇਂ ਦਿਨ ਸਮਾਪਤ ਕੀਤਾ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨਿਰਮਲ ਸਿੰਘ ਮਲੋਟ ਨੇ ਕਿਹਾ ਕਿ 15 ਜਨਵਰੀ ਤੋਂ ਦੇਸ਼ ਭਗਤ ਪਰਿਵਾਰਾਂ ਵਲੋਂ ਧਰਨਾ ਦਿੱਤਾ ਗਿਆ ਸੀ ਅਤੇ 19 ਜਨਵਰੀ ਨੂੰ ਪਰਜਾ ਮੰਡਲ ਦੇ ਬਾਨੀ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਦਿਹਾੜੇ ਨੂੰ ਧਰਨੇ 'ਤੇ ਮਨਾਉਣ ਉਪਰੰਤ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਸੁਨਾਮ ਵਿਖੇ ਬਹੁਤ ਵੱਡੀ ਗਿਣਤੀ ਵਿਚ ਪਰਿਵਾਰਾਂ ਵਲੋਂ ਫਰੀਡਮ ਫਾਈਟਰ ਮੰਤਰੀ ਮਹਿੰਦਰ ਭਗਤ ਦਾ ਪੁਤਲਾ ਫ਼ੂਕ ਮੁਜ਼ਾਹਰਾ ਕੀਤਾ, ਜਿਸ 'ਤੇ ਜਥੇਬੰਦੀ ਦੇ ਆਗੂਆ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਮੀਟਿੰਗ ਕਰਕੇ 28 ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਲਿਖਤੀ ਤੌਰ 'ਤੇ ਭਰੋਸਾ ਦਿੱਤਾ ਗਿਆ ਪਰ ਆਗੂਆਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਲਿਖਤੀ ਤੌਰ 'ਤੇ ਇਸ ਤਰ੍ਹਾਂ ਭਰੋਸਾ ਦਿੱਤਾ ਗਿਆ ਸੀ, ਪਰ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਸਹੁੰ ਚੁੱਕ ਕਾਰਜਕਾਲ ਸੰਭਾਲਣ ਵਾਲੀ ਮਾਨ ਸਰਕਾਰ ਨੇ ਪਿਛਲੇ 4 ਸਾਲ ਤੋਂ ਦੇਸ਼ ਭਗਤ ਪਰਿਵਾਰਾਂ ਨੂੰ ਅਣਗੌਲਿਆਂ ਕੀਤਾ ਹੋਇਆ ਹੈ | ਜਿਸ ਕਾਰਨ ਕਰਕੇ ਹੀ ਅਣਮਿਥੇ ਸਮੇਂ ਲਈ ਸੁਨਾਮ ਵਿਖੇ ਪਰਿਵਾਰਾਂ ਵਲੋਂ ਧਰਨਾ ਦਿੱਤਾ ਗਿਆ ਹੈ | ਪਰ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਭਾਵੇਂ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਮੁੱਖ ਮੰਤਰੀ ਨਾਲ 28 ਜਨਵਰੀ ਨੂੰ ਮੀਟਿੰਗ ਕਰਵਾਉਣ ਦਾ ਸਮਾਂ ਲੈ ਕੇ ਦੇਣ ਉਪਰੰਤ ਧਰਨਾ ਚੁੱਕਿਆ ਜਾਵੇਗਾ ਪਰ ਜਥੇਬੰਦੀ ਵਲੋਂ ਫ਼ੈਸਲਾ ਹੈ ਕਿ 26 ਜਨਵਰੀ ਗਣਤੰਤਰ ਦਿਵਸ ਸਮਾਗਮ 'ਤੇ ਦੇਸ਼ ਭਗਤ ਪਰਿਵਾਰ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਜ਼ਰੂਰ ਜਾਣਗੇ, ਕਿਉਂਕਿ ਤਿਰੰਗਾ ਸਾਡੇ ਪੁਰਖਿਆਂ ਦੀ ਦੇਣ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਜੋ ਪਰਿਵਾਰਾਂ ਨੂੰ ਸਮਾਨ ਇਕ ਮੁਠਿਆਈ ਦਾ ਡੱਬਾ ਅਤੇ ਇਕ ਲੋਈ ਦਿੱਤੀ ਜਾਂਦੀ ਹੈ, ਨਹੀਂ ਲਿਆ ਜਾਵੇਗਾ ਕਿਉਂਕਿ ਦੇਸ਼ ਭਗਤਾਂ ਦੇ ਵਾਰਿਸ ਸਨਮਾਨ ਚਾਹੁੰਦੇ ਹਨ, ਜੋ ਸਰਕਾਰ ਦੇਣਾ ਨਹੀਂ ਚਾਹੁੰਦੀ ਅਤੇ ਉਨ੍ਹਾਂ ਰੋਸ ਵਜੋਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ 28 ਜਨਵਰੀ ਨੂੰ ਮੀਟਿੰਗ ਕਰਕੇ ਸੰਵਿਧਾਨਕ ਹੱਕਾਂ ਨੂੰ ਲਾਗੂ ਨਾ ਕੀਤਾ ਤਾਂ ਦੇਸ਼ ਭਗਤ ਪਰਿਵਾਰ ਮੁੜ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ |