ਗਿੱਦੜਬਾਹਾ, 1 ਫ਼ਰਵਰੀ (ਪਰਮਜੀਤ ਸਿੰਘ ਥੇੜੀ)-ਪੁਲਿਸ ਦੀ ਵਰਦੀ ਪਹਿਨ ਕੇ ਠੱਗਾਂ ਵਲੋਂ ਇਕ ਵਿਅਕਤੀ ਨੂੰ ਰੁਪਏ ਦੁੱਗਣੇ ਕਰਕੇ ਦੇਣ ਦਾ ਲਾਲਚ ਦਿੰਦੇ ਹੋਏ ਉਸ ਪਾਸੋਂ 7 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਮਾਮਲੇ 'ਚ ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਮਹਿਲਾ ਸਮੇਤ ਕੁੱਲ 6 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਮੁਕੱਦਮੇ ਦੇ ਕਥਿਤ ਦੋਸ਼ੀ ਅਜੇ ਤੱਕ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਪੁਲਿਸ ਪਾਸ ਦਿੱਤੇ ਬਿਆਨਾਂ ਵਿਚ ਪੀੜਤ ਹਰਗੋਬਿੰਦ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬਬਾਣੀਆਂ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਹ ਗਿੱਦੜਬਾਹਾ ਵਿਖੇ ਕਿਸੇ ਕੰਮ ਲਈ ਆਇਆ ਸੀ ਤਾਂ ਉਥੇ ਉਸ ਦੀ ਮੁਲਾਕਾਤ ਦਲਜੀਤ ਸਿੰਘ ਅਤੇ ਜਗਜੀਤ ਸਿੰਘ ਨਾਲ ਹੋਈ, ਜਿਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਹ ਲੋਕਾਂ ਦੇ ਪੈਸੇ ਦੁੱਗਣੇ ਕਰਕੇ ਦਿੰਦੇ ਹਨ ਅਤੇ ਜੇਕਰ ਉਸ ਨੂੰ ਵੀ ਪੈਸਿਆਂ ਦੀ ਜ਼ਰੂਰਤ ਹੈ ਤਾਂ ਉਹ ਉਸ ਦੇ ਪੈਸੇ ਦੁੱਗਣੇ ਕਰ ਦੇਣਗੇ | ਇਸ ਤੋਂ ਉਕਤਾਨ ਵਿਅਕਤੀਆਂ ਨੇ ਉਸ ਪਾਸੋਂ 10 ਹਜ਼ਾਰ ਰੁਪਏ ਲੈ ਕੇ 2 ਦਿਨਾਂ ਬਾਅਦ ਉਸ ਦੇ ਉਕਤ ਰੁਪਏ ਦੁੱਗਣੇ ਕਰਕੇ ਦੇ ਦਿੱਤੇ | ਕੁਝ ਦਿਨ ਬਾਅਦ ਫਿਰ ਉਕਤਾਨ ਨੇ ਉਸ ਪਾਸੋਂ 20 ਹਜ਼ਾਰ ਰੁਪਏ ਲੈ ਕੇ 40 ਹਜ਼ਾਰ ਰੁਪਏ ਦਿੱਤੇ ਅਤੇ ਕਿਹਾ ਕਿ ਉਹ 7 ਲੱਖ ਰੁਪਏ ਲੈ ਕੇ ਆਵੇ, ਉਹ ਉਸ ਦੇ 14 ਲੱਖ ਰੁਪਏ ਕਰਕੇ ਉਸ ਨੂੰ ਦੇ ਦੇਣਗੇ, ਜਿਸ 'ਤੇ ਉਸ ਪਾਸੋਂ 3 ਲੱਖ ਰੁਪਏ ਗਿੱਦੜਬਾਹਾ ਆ ਕੇ ਲੈ ਗਏ ਅਤੇ 4 ਲੱਖ ਰੁਪਏ ਲੈ ਕੇ ਉਸ ਨੂੰ ਆਪਣੇ ਘਰ ਬੁਲਾਇਆ | ਜਦੋਂ ਉਹ 4 ਲੱਖ ਰੁਪਏ ਲੈ ਕੇ ਉਕਤ ਵਿਅਕਤੀਆਂ ਦੇ ਘਰ ਗਿਆ ਤਾਂ ਉਥੇ ਪੁਲਿਸ ਦੀ ਵਰਦੀ ਵਿਚ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਸੀਤਾ ਰਾਣੀ ਆਏ, ਜਿਨ੍ਹਾਂ ਨੇ ਉਸ ਪਾਸੋਂ 4 ਲੱਖ ਰੁਪਏ ਲੈ ਲਏ | ਪੀੜਤ ਹਰਗੋਬਿੰਦ ਸਿੰਘ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਕਤਾਨ ਵਿਅਕਤੀ ਜਾਅਲੀ ਪੁਲਿਸ ਵਾਲੇ ਬਣ ਕੇ ਆਏ ਸਨ ਅਤੇ ਉਨ੍ਹਾਂ ਨੇ ਆਪਸ 'ਚ ਮਿਲੀਭੁਗਤ ਕਰਕੇ ਉਸ ਪਾਸੋਂ 7 ਲੱਖ ਰੁਪਏ ਦੀ ਠੱਗੀ ਮਾਰੀ ਹੈ | ਉਕਤ ਮਾਮਲੇ ਵਿਚ ਥਾਣਾ ਗਿੱਦੜਬਾਹਾ ਪੁਲਿਸ ਨੇ ਦਲਜੀਤ ਸਿੰਘ, ਜਗਜੀਤ ਸਿੰਘ ਪੁਤਰਾਨ ਹੰਸਾ ਸਿੰਘ, ਸਮੀਰ ਸਿੰਘ ਪੁੱਤਰ ਜਗਜੀਤ ਸਿੰਘ, ਸੀਤਾ ਰਾਣੀ ਪਤਨੀ ਦਲਜੀਤ ਸਿੰਘ, ਹਰਜਿੰਦਰ ਸਿੰਘ ਪੁੁੱਤਰ ਮੁੰਸਾ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਬਕੈਣਵਾਲਾ ਜ਼ਿਲ੍ਹਾ ਫਾਜ਼ਿਲਕਾ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |