ਗਿੱਦੜਬਾਹਾ, 2 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਇਕੱਤਰ ਸਾਂਝੀ ਸੱਥ ਵਿਚ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ ਨੂੰ ਕਿਸਾਨ ਮਾਰੂ ਤੇ ਕਿਸਾਨ ਵਿਰੋਧੀ ਕਰਾਰ ਦਿੱਤਾ ਗਿਆ ਹੈ | ਭਾਕਿਯੂ ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੇਤਾ, ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਗੁਰਮੀਤ ਸਿੰਘ ਬਿੱਟੂ ਮੱਲਣ, ਭਾਕਿਯੂ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਠਾਣਾ ਸਿੰਘ, ਮਾਲਵਾ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੀ ਵਿਰੋਧੀ ਰਹੀ ਹੈ, ਜਿਸ ਦੀ ਮਿਸਾਲ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਤਾਜ਼ਾ ਬਜਟ ਤੋਂ ਸਹਿਜੇ ਹੀ ਮਿਲ ਸਕਦੀ ਹੈ | ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨ ਨੇ ਦੇਸ਼ ਦੇ ਭੰਡਾਰ ਭਰਨ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ | ਜਿਸ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਣ ਤੋਂ ਇਲਾਵਾ ਦੇਸ਼ ਅਨਾਜ ਪੈਦਾ ਕਰਨ ਵਿਚ ਆਤਮ-ਨਿਰਭਰ ਹੋ ਗਿਆ ਹੈ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਸਾਨ ਦੇ ਹਿੱਤਾਂ ਲਈ ਕੁਝ ਨਹੀਂ ਸੋਚਿਆ | ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦਾ ਗਲਾ ਘੁੱਟਣ ਲਈ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਅਨੇਕਾਂ ਹੀ ਸ਼ਹਾਦਤਾਂ ਦਿੱਤੀਆਂ ਗਈਆਂ | ਇਥੇ ਹੀ ਬੱਸ ਨਹੀਂ, ਹੁਣ ਵੀ ਕੇਂਦਰ ਸਰਕਾਰ ਲਗਾਤਾਰ ਕਿਸਾਨੀ ਤੇ ਖੇਤ ਮਜ਼ਦੂਰ ਨੂੰ ਮਾਰਨ ਲਈ ਨਵੇਂ-ਨਵੇਂ ਕਾਨੂੰਨ ਲਿਆ ਰਹੀ ਹੈ | ਜੇਕਰ ਸਰਕਾਰ ਕਿਸਾਨਾਂ ਦੀਆਂ ਸਮੱਸਿਅਵਾਂ ਸਮਝਣ ਵਿਚ ਸੰਜੀਦਾ ਹੁੰਦੀ ਤਾਂ ਇਸ ਵਾਰ ਬਜਟ ਵਿਚ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਲਿਆਉਣਾ ਚਾਹੀਦਾ ਸੀ | ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਵੱਡੇ-ਵੱਡੇ ਕਮਾਊ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਹੈ ਅਤੇ ਕਿਸਾਨੀ ਨੂੰ ਵੀ ਕਾਰਪੋਰੇਟ ਘਰਾਇਆਂ ਨੂੰ ਵੇਚਣ ਲਈ ਅੰਦਰਖਾਤੇ ਤਿਆਰੀ ਕੀਤੀ ਜਾ ਰਹੀ ਹੈ | ਕੇਂਦਰ ਸਰਕਾਰ ਦੀ ਇਹ ਮਨਸ਼ਾ ਕਦੇ ਵੀ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਜਗਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਭਾਕਿਯੂ ਬਾਬਾ ਬੰਦਾ ਸਿੰਘ ਬਾਹਾਦਰ ਦੇ ਸੂਬਾ ਯੂਥ ਆਗੂ ਨਾਨਕ ਸਿੰਘ, ਕਿਸਾਨ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬੋਘਾ ਸਿੰਘ, ਗੋਰਾ ਸਿੰਘ, ਕੁਲਵੀਰ ਸਿੰਘ ਧੂਲਕੋਟ, ਬੱਬੂ ਮਨੀਆਂਵਾਲਾ, ਗੁਰਮੇਲ ਸਿੰਘ ਬਬਾਣੀਆਂ, ਕੁਲਦੀਪ ਸਿੰਘ, ਬਲਦੇਵ ਸਿੰਘ ਮਾਨ, ਗੁਰਚਰਨ ਸਿੰਘ, ਸੁਖਰਾਜ ਸਿੰਘ ਰਾਜਾ ਥਰਾਜਵਾਲਾ, ਬਲਜੀਤ ਸਿੰਘ ਆਦਿ ਆਗੂਆਂ ਤੋਂ ਇਲਾਵਾ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |