ਦੋਦਾ, 2 ਫ਼ਰਵਰੀ (ਰਵੀਪਾਲ)-ਪੁਲਿਸ ਚੌਂਕੀ ਦੋਦਾ ਨੇ ਇਕ ਦੁਕਾਨ ਵਿਚ ਸੰਨ੍ਹ ਲਗਾ ਕੇ ਚੋਰੀ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ | ਪੁਲਿਸ ਪਾਸ ਦਰਜ ਬਿਆਨ 'ਚ ਸਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਦੋਦਾ ਨੇ ਦੱਸਿਆ ਕਿ ਉਹ ਬੱਸ ਸਟੈਂਡ ਪਿੰਡ ਦੋਦਾ ਵਿਖੇ ਬਾਬਾ ਧਿਆਨ ਦਾਸ ਜੀ ਦੇ ਡੇਰੇ ਦੇ ਨੇੜੇ ਬਰਾੜ ਟੈਲੀਕਾਮ ਦੇ ਨਾਂਅ 'ਤੇ ਮੋਬਾਈਲ ਰਿਪੇਅਰ ਦੀ ਦੁਕਾਨ ਕਰਦਾ ਹੈ | ਬੀਤੀ 29 ਜਨਵਰੀ ਦੀ ਰਾਤ ਦੁਕਾਨ ਦੇ ਪਿਛਲੇ ਪਾਸੇ ਛੱਤ ਦੀਆਂ ਟਾਇਲਾਂ ਪੁੱਟ ਕੇ ਦੁਕਾਨ ਵਿਚ ਪਾੜ ਲਗਾ ਦੁਕਾਨ ਵਿਚੋਂ ਵੱਖ-ਵੱਖ ਕੰਪਨੀਆਂ ਦੇ ਕਰੀਬ 20 ਮੋਬਾਈਲ ਗ਼ਾਇਬ ਸਨ | ਇਨ੍ਹਾਂ ਮੋਬਾਈਲਾਂ ਵਿਚੋਂ ਕੁਝ ਮੋਬਾਈਲ ਵੱਖ-ਵੱਖ ਗ੍ਰਾਹਕਾਂ ਦੇ ਠੀਕ ਹੋਣ ਲਈ ਆਏ ਸਨ ਅਤੇ ਕੁਝ ਮੋਬਾਈਲ ਉਸ ਨੇ ਪੁਰਾਣੇ ਖ਼ਰੀਦ ਕੀਤੇ ਸਨ, ਪ੍ਰੰਤੂ ਇਨ੍ਹਾਂ ਵਿਚ ਕੋਈ ਵੀ ਸਿੰਮ ਮੌਜੂਦ ਨਹੀਂ ਸੀ | ਇਸ ਚੋਰੀ ਸੰਬੰਧੀ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਦੁਕਾਨ ਵਿਚੋਂ ਪਾੜ ਲਗਾ ਕੇ ਚੋਰੀ ਜਗਸੀਰ ਸਿੰਘ ਉਰਫ਼ ਸੀਰਾ ਪੁੱਤਰ ਬਲਵੀਰ ਸਿੰਘ ਅਤੇ ਬਾਦਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਦੋਦਾ ਨੇ ਕੀਤੀ ਹੈ | ਉਕਤ ਮਾਮਲੇ ਵਿਚ ਸਬ ਇੰਸਪੈਕਟਰ ਗੁਰਤੇਜ ਸਿੰਘ ਇੰਚਾਰਜ ਪੁਲਿਸ ਚੌਂਕੀ ਦੋਦਾ ਨੇ ਉਕਤ ਦੋਵਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਬੂ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |