ਕੋਟਕਪੂਰਾ, 2 ਫ਼ਰਵਰੀ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਹਲਕਾ ਕੋਟਕਪੂਰਾ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ | ਇਸ ਕੜੀ ਤਹਿਤ ਮਿਤੀ 4 ਫ਼ਰਵਰੀ ਨੂੰ ਸਪੀਕਰ ਸੰਧਵਾਂ ਵਲੋਂ ਪਿੰਡ ਕੰਮੇਆਣਾ ਅਤੇ ਕਲੇਰ ਵਿਖੇ ਲਗਪਗ 14 ਕਰੋੜ ਰੁਪਏ ਦੀ ਲਾਗਤ ਨਾਲ ਮਹੱਤਵਪੂਰਨ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ ਜਾਣਗੇ | ਇਸ ਮੌਕੇ ਪਿੰਡ ਕੰਮੇਆਣਾ ਵਿਖੇ ਲਿੰਕ ਸੜਕ ਕੰਮੇਆਣਾ ਤੋਂ ਡੱਗੋ ਰੋਮਾਣਾ ਤੋਂ ਫਿੱਡੇ ਕਲਾਂ ਪੀ.ਐਮ.ਜੀ.ਐਸ.ਵਾਈ. ਰੋਡ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਦੀ ਲੰਬਾਈ 8.36 ਕਿਲੋਮੀਟਰ ਹੈ | ਇਸ ਪ੍ਰੋਜੈਕਟ 'ਤੇ ਲਗਪਗ 732.93 ਲੱਖ ਰੁਪਏ ਦੀ ਲਾਗਤ ਆਵੇਗੀ | ਇਸ ਤੋਂ ਇਲਾਵਾ ਪਿੰਡ ਕਲੇਰ ਵਿਖੇ ਲਿੰਕ ਸੜਕ ਕਲੇਰ ਤੋਂ ਕੋਟ ਸੁਖੀਆ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਦੀ ਲੰਬਾਈ 6.38 ਕਿਲੋਮੀਟਰ ਹੈ ਅਤੇ ਇਸ 'ਤੇ 685.95 ਲੱਖ ਰੁਪਏ ਖ਼ਰਚ ਕੀਤੇ ਜਾਣਗੇ |