ਫ਼ਰੀਦਕੋਟ, 2 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਗਊਧਨ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪੰਚਵਟੀ ਗਊਸ਼ਾਲਾ ਫ਼ਰੀਦਕੋਟ ਤੋਂ ਡਾ. ਜਸਵਿੰਦਰ ਕੁਮਾਰ ਗਰਗ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ (ਪਸ਼ੂ ਸਹਿਤ) ਵਲੋਂ ਕਰਵਾਈ ਗਈ | ਉਨ੍ਹਾਂ ਨਾਲ ਡਾ. ਸਾਹਿਲ ਕੁਮਾਰ ਵੈਟਰਨਰੀ ਅਫ਼ਸਰ ਅਤੇ ਕੁਲਜੀਤ ਸਿੰਘ ਵੈਟਰਨਰੀ ਇੰਸਪੈਕਟਰ ਹਾਜ਼ਰ ਸਨ | ਇਸ ਤੋਂ ਇਲਾਵਾ ਗਊਸ਼ਾਲਾ ਕਰਜਕਾਰਨੀ ਦੇ ਮੈਂਬਰ ਅਤੇ ਵਰਕਰ ਵੀ ਮੌਜੂਦ ਸਨ | ਡਾ. ਜਸਵਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 70,000 ਗਊਧਨ ਨੂੰ ਇਹ ਵੈਕਸੀਨ ਮੁਹਿੰਮ ਦੌਰਾਨ ਲਗਾਈ ਜਾਵੇਗੀ ਅਤੇ ਇਹ ਮੁਹਿੰਮ ਮਿਤੀ 28 ਫ਼ਰਵਰੀ 2026 ਨੂੰ ਖਤਮ ਹੋਵੇਗੀ | ਇਸ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਵਲੋਂ 32 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਇਸ ਟੀਕਾਕਰਨ ਮੁਹਿੰਮ ਨੂੰ ਮੁਕੰਮਲ ਕਰਨਗੀਆਂ | ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮੂਚੇ ਗਊਧਨ ਨੂੰ ਇਹ ਟੀਕਾਰਕਨ ਲਾਜ਼ਮੀ ਲਗਵਾਉਣ ਤਾਂ ਜੋ ਇਸ ਛੂਤੀ ਅਤੇ ਜਾਨਲੇਵਾ ਬਿਮਾਰੀ ਤੋਂ ਗਊਧੰਨ ਨੂੰ ਬਚਾਇਆ ਜਾ ਸਕੇ |