ਸ੍ਰੀ ਮੁਕਤਸਰ ਸਾਹਿਬ, 4 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪਾਵਰਕਾਮ ਸੀ.ਐਚ.ਬੀ. ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋ ਵੱਖ-ਵੱਖ ਡਵੀਜ਼ਨ ਵਿਚ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਸ ਵਿਚ ਪੰਜਾਬ ਦੀ ਸਾਰੀ ਸੂਬਾ ਕਮੇਟੀ ਅਤੇ ਡਵੀਜ਼ਨ ਦੇ ਵਰਕਰ ਹਾਜ਼ਰ ਰਹੇ | ਸੂਬਾ ਪ੍ਰਧਾਨ ਅੰਗਰੇਜ਼ ਸਿੰਘ, ਸੂਬਾ ਮੀਤ ਪ੍ਰਧਾਨ ਪਿ੍ਤਪਾਲ ਸਿੰਘ ਬੁੱਟਰ, ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ, ਸੂਬਾ ਕਨਵੀਨਰ ਕੁਲਵਿੰਦਰ ਸਿੰਘ ਢਿੱਲੋਂ, ਸੂਬਾ ਕਾਨੂੰਨੀ ਸਲਾਹਕਾਰ ਬਲਰਾਮ ਨੇ ਦੱਸਿਆ ਹੈ ਕਿ ਸੀ.ਐਚ.ਬੀ. ਅਤੇ ਡਬਲਿਊ ਠੇਕਾ ਮੁਲਾਜ਼ਮ ਲੰਮੇ ਸਮੇਂ ਤੋਂ ਬਿਜਲੀ ਬੋਰਡ ਦੇ ਅਦਾਰੇ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਇਨ੍ਹਾਂ ਕਾਮਿਆਂ ਤੋਂ ਘੱਟ ਤਨਖ਼ਾਹ 'ਤੇ ਵੱਧ ਕੰਮ ਵਿਭਾਗ ਵਲੋਂ ਲਿਆ ਜਾਂਦਾ ਹੈ, ਪਿਛਲੇ ਸਮੇਂ ਦੌਰਾਨ ਬਿਜਲੀ ਬੋਰਡ ਦੇ ਵਿਚ ਡਿਊਟੀ ਦੌਰਾਨ ਸਭ ਤੋਂ ਵੱਧ ਇਨ੍ਹਾਂ ਠੇਕਾ ਮੁਲਾਜ਼ਮਾਂ ਦੀਆਂ ਮੌਤਾ ਹੋਈਆ ਹਨ | ਜਿਨ੍ਹਾਂ ਦੇ ਪਰਿਵਾਰ ਨੂੰ ਗੁਜ਼ਾਰੇ ਯੋਗ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਹੈ | ਅੱਜ ਆਗੂਆਂ ਵਲੋਂ ਧਰਨੇ ਦੀ ਤਿਆਰੀ ਕੀਤੀ ਗਈ ਪਰਿਵਾਰਾਂ ਦੀ ਤਿਆਰੀ ਕਰਵਾਈ ਜਾਵੇਗੀ ਅਤੇ ਵੱਡੀ ਗਿਣਤੀ ਵਿਚ ਪਰਿਵਾਰ ਅਤੇ ਬੱਚਿਆ ਸਮੇਤ ਧਰਨੇ ਵਿਚ ਸ਼ਾਮਿਲ ਹੋਣਗੇ ਜਥੇਬੰਦੀ ਦੇ ਆਗੂਆਂ ਨੇ ਇਹ ਵੀ ਦੱਸਿਆ ਹੈ ਕਿ ਜੇਕਰ ਪਟਿਆਲਾ ਮੈਨੇਜਮੈਂਟ ਵਲੋਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 9 ਫ਼ਰਵਰੀ ਨੂੰ ਪਟਿਆਲਾ ਹੈੱਡ ਆਫਿਸ ਦੇ ਸਾਹਮਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਪਟਿਆਲਾ ਮੈਨੇਜਮੈਂਟ ਦੀ ਹੋਵੇਗੀ |