ਮੰਡੀ ਕਿੱਲਿਆਂਵਾਲੀ, 4 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ-ਅਬੋਹਰ ਕੌਮੀ ਸ਼ਾਹ ਰਾਹ 354ਈ 'ਤੇ ਲੁਹਾਰਾ ਰਜਬਾਹੇ ਨੇੜੇ ਬੀਤੀ ਰਾਤ ਹੋਂਡਾ ਸਿਟੀ ਕਾਰ ਅਤੇ ਮਹਿੰਦਰਾ ਪਿਕਅਪ ਵਿਚਕਾਰ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ | ਇਸ ਹਾਦਸੇ ਵਿਚ ਤਿੰਨ ਜਣੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਐਸ.ਐਸ.ਐਫ. ਅਬੋਹਰ ਰੋਡ ਟੀਮ ਵਲੋਂ ਤੁਰੰਤ ਸਿਵਲ ਹਸਪਤਾਲ ਡੱਬਵਾਲੀ ਲਿਜਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਹੋਂਡਾ ਸਿਟੀ ਕਾਰ ਮੰਡੀ ਕਿੱਲਿਆਂਵਾਲੀ ਤੋਂ ਅਬੋਹਰ ਵੱਲ ਜਾ ਰਹੀ ਸੀ, ਜਦਕਿ ਮਹਿੰਦਰਾ ਪਿਕਅੱਪ ਡੱਬਵਾਲੀ ਵੱਲ ਆ ਰਹੀ ਸੀ | ਇਸ ਦੌਰਾਨ ਲੁਹਾਰਾ ਰਜਵਾਹੇ ਨੇੜੇ ਦੋਵੇਂ ਵਾਹਨਾਂ ਦੀ ਟੱਕਰ ਹੋ ਗਈ | ਏ.ਐਸ.ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਪੌਣੇ ਇਕ ਵਜੇ ਵਾਪਰੇ ਹਾਦਸੇ 'ਚ ਤਿੰਨ ਵਿਅਕਤੀ ਜ਼ਖਮੀ ਹੋਏ ਹਨ | ਜ਼ਖਮੀਆਂ ਦੀ ਪਛਾਣ ਕਾਰ ਸਵਾਰ ਦੀਪਕ ਕੁਮਾਰ ਵਾਸੀ ਡੱਬਵਾਲੀ, ਹਰਪਾਲ ਕੁਮਾਰ ਵਾਸੀ ਨਰਸਿੰਗ ਕਲੋਨੀ (ਡੂਮਵਾਲੀ) ਅਤੇ ਮਹਿੰਦਰਾ ਪਿਕਅਪ ਦੇ ਡਰਾਈਵਰ ਜਗਦੀਸ਼ ਸਿੰਘ ਵਾਸੀ ਪਿੰਡ ਕਿਲਿਆਂਵਾਲੀ ਵਜੋਂ ਹੋਈ ਹੈ | ਹਾਦਸੇ 'ਚ ਦੋਵੇਂ ਵਹੀਕਲ ਬੁਰੀ ਤਰ੍ਹਾਂ ਨੁਕਸਾਨੇ ਗਏ | ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਡੱਬਵਾਲੀ ਵਿਚ ਮੁਢਲੀ ਡਾਕਟਰੀ ਮਦਦ ਮਗਰੋਂ ਉਨ੍ਹਾਂ ਨੂੰ ਅਗਾਂਹ ਰੈਫਰ ਕਰ ਦਿੱਤਾ ਗਿਆ |