ਫ਼ਰੀਦਕੋਟ, 21 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵਲੋਂ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਵਿਚਾਰ ਚਰਚਾ ਪ੍ਰੋਗਰਾਮ 'ਮਾਂ-ਬੋਲੀ : ਸਮਰੱਥਾ, ਸਰੋਕਾਰ ਅਤੇ ਸੰਭਾਵਨਾਵਾਂ' ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਇਆ ਗਿਆ | ਪ੍ਰਸਿੱਧ ਕਵੀ, ਚਿੰਤਕ ਤੇ ਅਨੁਵਾਦਕ ਸੁਖਜਿੰਦਰ ਦੇ ਨਾਲ ਪ੍ਰਸਿੱਧ ਪੰਜਾਬੀ ਸ਼ਾਇਰ ਵਿਜੇ ਵਿਵੇਕ, ਕਵੀ ਕੁਮਾਰ ਜਗਦੇਵ ਸਿੰਘ, ਪਿ੍ੰਸੀਪਲ ਡਾ. ਰਾਜੇਸ਼ ਮੋਹਨ, ਪਰਵਾਸੀ ਕਵੀ ਸੰਤੋਖ ਮਿਨਹਾਸ, ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਪ੍ਰਧਾਨਗੀ ਮੰਡਲ ਵਿਚ ਹਾਜ਼ਰ ਸਨ | ਵਿਚਾਰ ਚਰਚਾ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਨਾਲ ਕੀਤੀ ਗਈ | ਇਸ ਉਪਰੰਤ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਵਲੋਂ ਸਾਹਤਿਕ ਗਾਇਕੀ ਦੇ ਰੰਗ ਪੇਸ਼ ਕੀਤੇ ਗਏ | ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਨੇ ਸਭ ਨੂੰ ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣ ਪਛਾਣ ਕਰਵਾਈ | ਆਪਣੇ ਮੁੱਖ ਸੁਰ ਭਾਸ਼ਣ ਵਿਚ ਸੁਖਜਿੰਦਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਮਾਤ ਭਾਸ਼ਾ ਪ੍ਰਤੀ ਆਪਣੇ ਫ਼ਿਕਰ ਜ਼ਾਹਿਰ ਕੀਤੇ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਨੁੱਖ ਦੇ ਜਿਉਂਦੇ ਰਹਿਣ ਦਾ ਸਭ ਤੋਂ ਤਕੜਾ ਵਸੀਲਾ ਉਸਦੀ ਭਾਸ਼ਾ ਹੈ | ਭਾਸ਼ਾ ਸਾਹਿਤ ਅਤੇ ਕਲਾ ਰਾਹੀਂ ਜਿਉਂਦੀ ਹੈ | ਇਸ ਚਰਚਾ ਉੱਪਰ ਟਿੱਪਣੀ ਕਰਦਿਆਂ ਕੁਮਾਰ ਜਗਦੇਵ ਸਿੰਘ ਨੇ ਕਿਹਾ ਕਿ ਭਾਸ਼ਾ ਰੁਜ਼ਗਾਰ ਨਾਲੋਂ ਟੁੱਟ ਕੇ ਹੀਣੀ ਹੋਣੀ ਸ਼ੁਰੂ ਹੋ ਜਾਂਦੀ ਹੈ | ਭਾਸ਼ਾ ਦਾ ਤਕੜਾ ਪੱਖ ਉਸਦਾ ਰੁਜ਼ਗਾਰ ਨਾਲ ਜੁੜੇ ਹੋਣਾ ਹੁੰਦਾ ਹੈ | ਸੰਤੋਖ ਮਿਨਹਾਸ ਹੁਰਾਂ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਖਾਸ ਕਰਕੇ ਅਮਰੀਕਾ ਵਿਚ ਪੰਜਾਬੀ ਭਾਸ਼ਾ ਲਈ ਬਹੁਤ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ | ਪ੍ਰਸਿੱਧ ਕਵੀ ਵਿਜੇ ਵਿਵੇਕ ਹੋਰਾਂ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਸ ਭਾਸ਼ਾ ਵਿਚ ਮਨੁੱਖ ਸੋਚਦਾ, ਦੇਖਦਾ, ਸੁਪਨੇ ਲੈਂਦਾ, ਖੁਸ਼ ਹੁੰਦਾ ਤੇ ਦੁਖੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਭਾਸ਼ਾ ਨੂੰ ਬਚਾਉਣ ਦਾ ਇਕੋ ਇਕ ਸਾਧਨ ਹੈ ਕਿ ਉਸ ਭਾਸ਼ਾ ਦਾ ਸਾਹਿਤ ਸਮਰੱਥਾਵਾਨ ਤੇ ਤਕੜਾ ਹੋਵੇ | ਉਨ੍ਹਾਂ ਨੇ ਆਪਣੀਆਂ ਕੁਝ ਰਚਨਾਵਾਂ ਵੀ ਪੇਸ਼ ਕੀਤੀਆਂ | ਸਮਾਗਮ ਦੇ ਅੰਤ ਵਿਚ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਹੋਰਾਂ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਵਿਚਾਰ ਚਰਚਾ ਉੱਪਰ ਤਸੱਲੀ ਜ਼ਾਹਿਰ ਕੀਤੀ | ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਮਨਵਿੰਦਰ ਕੌਰ ਨੇ ਬਾਖੂਬੀ ਨਿਭਾਈ | ਇਸ ਮੌਕੇ ਪੰਜਾਬੀ ਮੈਗਜ਼ੀਨ 'ਪੰਜਾਬੀਅਤ' ਲੋਕ-ਅਰਪਨ ਕੀਤਾ ਗਿਆ | ਇਸ ਭਰਵੀਂ ਵਿਚਾਰ ਚਰਚਾ ਵਿਚ ਸੇਵਾ ਮੁਕਤ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ, ਪਰਵਾਸੀ ਲੇਖਕ ਗੁਰਬਚਨ ਸਿੰਘ ਬਰਾੜ, ਕੰਵਰਜੀਤ ਸਿੰਘ ਸਿੱਧੂ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ, ਪ੍ਰੋ. ਬੀਰਇੰਦਰ ਸਰਾਂ, ਰਸ਼ਪਾਲ ਕੌਰ, ਲੇਖਕ ਲਾਲ ਸਿੰਘ ਕਲਸੀ, ਸ਼ਿਵਨਾਥ ਦਰਦੀ, ਰਾਜਪਾਲ ਸਿੰਘ ਸੰਧੂ, ਪੱਤਰਕਾਰ ਜਸਵੰਤ ਜੱਸ, ਪ੍ਰੋ. ਰਣਜੀਤ ਬਾਜਵਾ ਸਮੇਤ ਇਲਾਕੇ ਭਰ ਦੀਆਂ ਉੱਘੀਆਂ ਸ਼ਖ਼ਸੀਅਤਾਂ, ਸਾਹਿਤ ਅਤੇ ਕਲਾ ਪ੍ਰੇਮੀ ਅਤੇ 200 ਤੋਂ ਵੱਧ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ |