ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੁਲਿਸ ਨੇ ਅੰਤਰ-ਜ਼ਿਲ੍ਹਾ ਚੋਰ ਗਰੋਹ ਦੇ 6 ਮੈਂਬਰ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 22-02-2026
ਜੈਤੋ, 21 ਫ਼ਰਵਰੀ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਜ਼ਿਲ੍ਹਾ ਪੁਲਿਸ ਨੇ ਜੈਤੋ ਦੇ ਬਿਸਨੰਦੀ ਫ਼ਾਟਕ ਨੇੜੇ ਸਥਿਤ ਤੇਲ ਫ਼ੈਕਟਰੀ 'ਚੋਂ 15 ਲੱਖ 50 ਹਜ਼ਾਰ ਰੁਪਏ ਨਕਦੀ ਅਤੇ ਇਕ 32 ਬੋਰ ਰਿਵਾਲਵਰ ਚੋਰੀ ਦੇ ਦੋਸ਼ 'ਚ ਚੋਰ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਡੀ.ਐਸ.ਪੀ. ਦਫ਼ਤਰ ਜੈਤੋ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਬੀਤੀ 7 ਫ਼ਰਵਰੀ ਨੂੰ ਜੈਤੋ ਦੇ ਬਿਸਨੰਦੀ ਫ਼ਾਟਕ ਨੇੜੇ ਸਥਿਤ ਇਕ ਤੇਲ ਫ਼ੈਕਟਰੀ ਵਿਚੋਂ 15 ਲੱਖ ਦੇ ਕਰੀਬ ਨਕਦੀ ਅਤੇ ਰਿਵਾਲਵਰ ਚੋਰੀ ਹੋਣ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਸੀ | ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਵੱਡੇ ਅੰਤਰ-ਜ਼ਿਲ੍ਹਾ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਕੀਤੀ ਨਕਦੀ ਅਤੇ ਅਸਲਾ ਬਰਾਮਦ ਕੀਤਾ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਮੰਗਲ ਸਿੰਘ ਉਰਫ਼ ਆਕਾਸ਼ ਵਾਸੀ ਫ਼ਿਰੋਜ਼ਪੁਰ, ਨਿਰਮਲਾ ਦੇਵੀ ਵਾਸੀ ਫ਼ਿਰੋਜ਼ਪੁਰ, ਰੀਟਾ ਰਾਣੀ ਵਾਸੀ ਫ਼ਾਜ਼ਿਲਕਾ, ਪੱਪੂ ਸਿੰਘ ਉਰਫ਼ ਤੋਤੀ ਵਾਸੀ ਫ਼ਾਜ਼ਿਲਕਾ, ਸੀਤਾ ਰਾਣੀ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਵੀਰ ਸਿੰਘ ਉਰਫ਼ ਵੀਰੂ ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ | ਪੁਲਿਸ ਪਾਰਟੀ ਵਲੋਂ ਦੋਸ਼ੀਆਂ ਪਾਸੋਂ 2 ਲੱਖ 20 ਹਜ਼ਾਰ ਰੁਪਏ ਨਕਦ ਅਤੇ ਇਕ ਚੋਰੀ ਕੀਤਾ 32 ਬੋਰ ਰਿਵਾਲਵਰ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ. (ਇੰਨਵੈਸਟੀਗੇਸ਼ਨ) ਦੀ ਰਹਿਨੁਮਾਈ ਅਤੇ ਇਕਬਾਲ ਸਿੰਘ ਸੰਧੂ ਡੀ. ਐਸ. ਪੀ. ਜੈਤੋ ਅਤੇ ਅਵਤਾਰ ਸਿੰਘ ਡੀ.ਐਸ.ਪੀ. (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਥਾਣਾ ਜੈਤੋ ਅਤੇ ਸੀ. ਆਈ. ਏ. ਸਟਾਫ਼ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ | ਟੈਕਨੀਕਲ ਇਨਪੁੱਟ ਅਤੇ ਹਿਊਮਨਇੰਟੈਲੀਜੈਂਸ ਦੇ ਆਧਾਰ 'ਤੇ 20 ਫਰਵਰੀ ਨੂੰ ਮੰਗਲ ਸਿੰਘ ਉਰਫ਼ ਆਕਾਸ਼, ਨਿਰਮਲਾ ਦੇਵੀ ਅਤੇ ਰੀਟਾ ਰਾਣੀ ਨੂੰ ਗਿ੍ਫ਼ਤਾਰ ਕੀਤਾ ਗਿਆ, ਜਦ ਕਿ 21 ਫਰਵਰੀ 2026 ਨੂੰ ਪੱਪੂ ਸਿੰਘ ਉਰਫ਼ ਤੋਤੀ, ਸੀਤਾ ਰਾਣੀ ਅਤੇ ਵੀਰ ਸਿੰਘ ਉਰਫ਼ ਵੀਰੂ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ | ਐਸ.ਐਸ.ਪੀ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਗਰੋਹ ਬਹੁਤ ਹੀ ਸ਼ਾਤਿਰ ਢੰਗ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ | ਗਰੋਹ ਵਿਚ ਸ਼ਾਮਿਲ ਮਹਿਲਾਵਾਂ ਵਲੋਂ ਦਿਨ ਦੇ ਸਮੇਂ ਫ਼ੈਕਟਰੀਆਂ, ਦੁਕਾਨਾਂ ਅਤੇ ਘਰਾਂ ਦੀ ਰੈਕੀ ਕੀਤੀ ਜਾਂਦੀ ਸੀ ਅਤੇ ਰਾਤ ਦੇ ਸਮੇਂ ਚੋਰੀ ਕੀਤੀ ਜਾਂਦੀ ਸੀ | ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਨੂੰ ਗੁੰਮਰਾਹ ਕਰਨ ਲਈ ਦੋਸ਼ੀਆਂ ਵਲੋਂ ਕੈਮਰਿਆਂ ਸਾਹਮਣੇ ਮੋਬਾਈਲ ਫ਼ੋਨਾਂ ਦੀ ਵਰਤੋਂ ਕਰਨ ਦਾ ਦਿਖਾਵਾ ਕੀਤਾ ਗਿਆ, ਜੋ ਅਸਲ ਵਿਚ ਏਅਰ ਪਲੇਨ ਮੋਡ 'ਤੇ ਸਨ | ਇਸ ਤੋਂ ਇਲਾਵਾ ਜਾਂਚ ਨੂੰ ਭਟਕਾਉਣ ਲਈ ਇਕ ਦੋਸ਼ੀ ਵਲੋਂ ਆਪਣੇ ਆਪ ਨੂੰ ਖੱਬੀ ਲੱਤ ਤੋਂ ਅਪਾਹਜ ਵੀ ਦਰਸਾਇਆ ਗਿਆ | ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗਰੋਹ ਵਲੋਂ ਪਹਿਲਾਂ ਵੀ ਫ਼ਿਰੋਜ਼ਪੁਰ ਅਤੇ ਮੋਗਾ ਜ਼ਿਲਿ੍ਹਆਂ ਵਿਚ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ | ਜੈਤੋ ਘਟਨਾ ਦੌਰਾਨ ਵਰਤੀ ਗਈ ਗੱਡੀ ਵੀ ਫ਼ਿਰੋਜ਼ਪੁਰ ਤੋਂ ਚੋਰੀ ਕੀਤੀ ਗਈ ਸੀ | ਇਸ ਤੋਂ ਇਲਾਵਾ ਜੈਤੋ ਵਿਚ ਸਥਿਤ ਇਕ ਹੋਰ ਫ਼ੈਕਟਰੀ ਵਿਚ ਚੋਰੀ ਦੀ ਯੋਜਨਾ ਵੀ ਬਣਾਈ ਜਾ ਰਹੀ ਸੀ | ਕਿ੍ਮਿਨਲ ਰਿਕਾਰਡ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੰਗਲ ਸਿੰਘ ਉਰਫ਼ ਆਕਾਸ਼ ਖ਼ਿਲਾਫ਼ ਪਹਿਲਾਂ ਵੀ ਐਨ. ਡੀ. ਪੀ. ਐਸ. ਐਕਟ ਅਧੀਨ ਦੋ ਮਾਮਲੇ ਦਰਜ ਹਨ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਹਾਦਸਾਗ੍ਰਸਤ ਹੋਣ ਕਾਰਨ ਇਕ ਦੀ ਮੌਤ, ਦੋ ਜ਼ਖ਼ਮੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ
Ad Position 24
No active advertisement