ਸਾਦਿਕ, 25 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)- ਪਿੰਡ ਢਿਲਵਾਂ ਖੁਰਦ ਦੇ ਨਿਕਾਸੀ ਨਾਲੇ ਦਾ ਪਾਣੀ ਪਾਈਪਾਂ ਦਬਾਕੇ ਪਿੰਡ ਦੇ ਨੇੜੇ ਵੱਗਦੇ ਸੇਮ ਨਾਲੇ 'ਚ ਕੱਢਿਆ ਗਿਆ ਹੈ ਪਰ ਇਸ ਪਿੰਡ ਦੇ ਬਿਲਕੁੱਲ ਨੇੜਿਉਂ ਲੰਘਦੇ ਸੇਮਨਾਲੇ ਦੀ ਕਈ ਸਾਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਪਿੰਡ ਦਾ ਨਿਕਾਸੀ ਪਾਣੀ ਇਕ ਥਾਂ ਸੇਮਨਾਲੇ ਵਿਚ ਜਮ੍ਹਾਂ ਹੋ ਗਿਆ ਹੈ ਅਤੇ ਅੱਗੇ ਨਹੀਂ ਤੁਰ ਰਿਹਾ | ਪਹਿਲਾਂ ਤੋਂ ਹੀ ਗੰਦਾ ਪਾਣੀ ਇਕ ਥਾਂ ਰੁਕ ਕੇ ਮੁਸ਼ਕ ਮਾਰ ਗਿਆ ਹੈ ਅਤੇ ਇਸ ਦੀ ਦੁਰਗੰਧ ਦੂਰ ਦੂਰ ਤੱਕ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਇਹ ਗੰਦਾ ਪਾਣੀ ਇਕ ਥਾਂ ਰੁਕਣ ਕਾਰਨ ਧਰਤੀ ਹੇਠ ਜ਼ਜ਼ਬ ਹੋ ਰਿਹਾ ਹੈ ਜੋ ਪੀਣ ਵਾਲੇ ਪਾਣੀ ਦੀ ਉੱਪਰਲੀ ਤਹਿ 'ਚ ਮਿਲ ਰਿਹਾ ਹੈ | ਇਸ ਨਾਲ ਪਿੰਡ 'ਚ ਬਿਮਾਰੀਆਂ ਫ਼ੈਲਣ ਦਾ ਖਤਰਾ ਬਣਿਆ ਹੋਇਆ ਹੈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜੇ.ਸੀ.ਬੀ. ਭੇਜ ਕੇ ਸੇਮਨਾਲੇ ਦੀ ਸਫ਼ਾਈ ਕਰਕੇ ਪਾਣੀ ਨੂੰ ਵਗਦਾ ਕੀਤਾ ਜਾਵੇ ਤਾਂ ਜੋ ਇਹ ਪਾਣੀ ਇਕ ਥਾਂ ਜਮ੍ਹਾਂ ਨਾ ਹੋ ਕੇ ਬਿਮਾਰੀਆਂ ਦਾ ਕਾਰਨ ਨਾ ਬਣੇ |