ਕੋਟਕਪੂਰਾ, 25 ਫ਼ਰਵਰੀ (ਮੋਹਰ ਸਿੰਘ ਗਿੱਲ)-'ਵਾਇਸ ਆਫ਼ ਪੰਜਾਬ' ਬਣੇ ਰਿਸ਼ੀ ਰਛਪਾਲ ਦਾ ਵਿਸ਼ੇਸ਼ ਸਨਮਾਨ ਗੁੱਡ ਮੌਰਨਿੰਗ ਕਲੱਬ ਦੇ ਮੰਚ 'ਤੇ ਮਿਉਂਸਪਲ ਪਾਰਕ ਕੋਟਕਪੂਰਾ ਵਿਖੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਨਾਲ ਸੰਬੰਧਿਤ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਕਲੱਬ ਦੇ ਜਨਰਲ ਸਕੱਤਰ ਪ੍ਰੋ. ਐਚ.ਐਸ. ਪਦਮ ਨੇ ਦੱਸਿਆ ਕਿ ਰਿਸ਼ੀ ਰਛਪਾਲ ਦਾ ਕਲੱਬ ਵਲੋਂ ਸਨਮਾਨ ਕਰਨ ਦਾ ਮਕਸਦ ਇਹੀ ਹੈ ਕਿ ਇਸ ਤੋਂ ਹੋਰ ਨੌਜਵਾਨ ਅਤੇ ਬੱਚੇ ਵੀ ਪ੍ਰੇਰਨਾ ਲੈਣ | ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਕਲੱਬ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਮਾੜੀ ਸੁਸਾਇਟੀ ਅਤੇ ਨਸ਼ਿਆਂ ਤੋਂ ਬਚਾਅ ਕੇ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿਚ ਵੀ ਉਤਸ਼ਾਹਿਤ ਕੀਤਾ ਜਾਵੇ | ਜਸਕਰਨ ਸਿੰਘ ਭੱਟੀ, ਸੁਰਿੰਦਰ ਸਿੰਘ ਸਦਿਉੜਾ ਅਤੇ ਸੁਨੀਲ ਕੁਮਾਰ ਬਿੱਟਾ ਗਰੋਵਰ ਨੇ ਆਖਿਆ ਕਿ ਰਿਸ਼ੀ ਰਛਪਾਲ ਦੇ ਮਾਤਾ-ਪਿਤਾ ਵੀ ਪ੍ਰਸੰਸਾਯੋਗ ਹਨ, ਜਿਨ੍ਹਾਂ ਨੇ ਉਸ ਨੂੰ ਅੱਗੇ ਵਧਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਇਆ ਹੈ | ਰਿਸ਼ੀ ਰਛਪਾਲ ਦੇ ਪਿਤਾ ਗੁਰਸੇਵਕ ਸਿੰਘ ਸਾਬਕਾ ਕੌਂਸਲਰ, ਤਾਇਆ ਸੂਬੇਦਾਰ ਮੇਜਰ ਸਿੰਘ, ਭਰਾ ਗੋਲਡੀ, ਸਮੇਤ ਰਘਬੀਰ ਸਿੰਘ ਸੰਧੂ ਅਤੇ ਅਮਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਰਿਸ਼ੀ ਰਛਪਾਲ ਬਚਪਨ ਤੋਂ ਹੀ ਗਾਇਕੀ ਦਾ ਸ਼ੌਕੀਨ ਸੀ | ਇਸ ਮੌਕੇ ਮੁਖਤਿਆਰ ਸਿੰਘ ਮੱਤਾ, ਓਮ ਪ੍ਰਕਾਸ਼ ਗੁਪਤਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਗੁਰਮੀਤ ਸਿੰਘ ਮੀਤਾ ਅਤੇ ਹੋਰ ਹਾਜ਼ਰ ਸਨ | ਅੰਤ 'ਚ ਰਿਸ਼ੀ ਰਛਪਾਲ ਰਘਬੀਰ ਸਿੰਘ ਸੰਧੂ ਦਾ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |