ਕੋਟਕਪੂਰਾ, 26 ਫ਼ਰਵਰੀ (ਮੋਹਰ ਸਿੰਘ ਗਿੱਲ)-ਪਿੰਡ ਦੁਆਰੇਆਣਾ ਵਿਖੇ ਫ਼ਸਲੀ ਵਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਗੁਰਪ੍ਰੀਤ ਸਿੰਘ ਬਲਾਕ ਅਫ਼ਸਰ ਕੋਟਕਪੂਰਾ ਵਲੋਂ ਕਿਸਾਨਾਂ ਨੂੰ ਸਰੋਂ ਦੀ ਫ਼ਸਲ ਵੱਲ ਵਾਧਾ ਕਰਨ ਲਈ ਕਿਹਾ ਕਿ ਕਿਸਾਨ ਫ਼ਸਲੀ ਚੱਕਰ 'ਚੋਂ ਨਿਕਲ ਕੇ ਤੇਲ-ਬੀਜ ਫ਼ਸਲਾਂ ਦੀ ਖੇਤੀ ਵੀ ਕਰਨ ਤਾਂ ਜੋ ਬਾਜ਼ਾਰਾਂ 'ਚ ਮਿਲ ਰਹੇ ਨਕਲੀ ਤੇਲਾਂ ਤੋਂ ਬਚਿਆ ਜਾ ਸਕੇ | ਕੈਂਪ ਵਿਚ ਡਾ. ਗੁਰਮੱਘਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ 'ਤੇ ਬੇਲੋੜੇ ਖ਼ਰਚੇ ਨਾ ਕਰਨ ਲਈ ਕਿਹਾ | ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਫ਼ਸਲ 'ਤੇ ਘੱਟ ਖਾਦ ਅਤੇ ਕੀਟਨਾਸ਼ਕ ਵਰਤਣ, ਜਿਸ ਨਾਲ ਖ਼ਰਚਾ ਵੀ ਘੱਟ ਹੋਵੇਗਾ ਅਤੇ ਮੁਨਾਫ਼ਾ ਵਧੇਗਾ | ਇਨਸਾਨੀ ਜੀਵਨ ਲਈ ਵੀ ਚੰਗਾ ਹੋਵੇਗਾ | ਕੈਂਪ ਦੌਰਾਨ ਡਾ. ਨਵਪ੍ਰੀਤ ਸਿੰਘ ਵਲੋਂ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਪਰਖ਼ ਕਰਵਾਉਣ ਲਈ ਕਿਹਾ ਕਿ ਕਿਸਾਨ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਦਾ ਪਤਾ ਕਰਨ ਲਈ ਫ਼ਰੀਦਕੋਟ ਵਿਖੇ ਮਿੱਟੀ ਪਰਖ਼ ਲੈਬ ਤੋਂ ਮਿੱਟੀ ਪਰਖ਼ ਕਰਵਾਉਣ ਅਤੇ ਆਪਣੀ ਜ਼ਮੀਨ ਦੇ ਛੋਟੇ ਤੋਂ ਛੋਟੇ, ਵੱਡੇ ਤੋਂ ਵੱਡੇ ਤੱਤਾਂ ਦੀ ਜਾਣਕਾਰੀ ਪ੍ਰਾਪਤ ਕਰਨ | ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਡਾ. ਸੁਰਜੀਤ ਸਿੰਘ ਵਲੋਂ ਕਿਸਾਨਾਂ ਨੂੰ ਗੰਨੇ ਦੀ ਖੇਤੀ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਸਰਕਾਰ ਵਲੋਂ ਕਿਸਾਨੀ ਹਿੱਤ ਵਿਚ ਚੱਲ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ | ਡਾ. ਜਗਮੀਤ ਸਿੰਘ ਵਲੋਂ ਕਿਸਾਨਾਂ ਨੂੰ 'ਆਤਮਾ' ਸਕੀਮ ਤਹਿਤ ਚੱਲ ਰਹੀਆਂ ਸਕੀਮਾਂ ਬਾਬਤ ਅਤੇ ਟਰੇਨਿੰਗਾਂ ਸਬੰਧੀ ਜਾਣਕਾਰੀ ਦਿੱਤੀ | ਕੈਂਪ 'ਚ ਸਟੇਜ ਦੀ ਡਿਊਟੀ ਰਾਜਾ ਸਿੰਘ ਵਲੋਂ ਨਿਭਾਈ ਗਈ | ਕਿਸਾਨਾਂ ਨੂੰ ਪੀ.ਐਮ ਕਿਸਾਨ ਸਕੀਮ 'ਤੇ 10 ਲੱਖ ਸਿਹਤ ਕਾਰਡ ਸਕੀਮ ਸਬੰਧੀ ਜਾਣਕਾਰੀ ਦਿੱਤੀ | ਇਸ ਕੈਂਪ ਵਿਚ ਲੱਕੀ ਸਿੰਘ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਸਰਪੰਚ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਪਿੰਡ ਦੇ ਕਿਸਾਨ ਹਾਜ਼ਰ ਸਨ |