ਫ਼ਰੀਦਕੋਟ, 2 ਮਾਰਚ (ਸਰਬਜੀਤ ਸਿੰਘ)-ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਾਊਡਰ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਸੰਬੰਧਿਤ ਥਾਣਿਆਂ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸਬੰਧੀ ਨਵੀਂ ਦਾਣਾ ਮੰਡੀ ਫ਼ਰੀਦਕੋਟ ਮੌਜੂਦ ਸਨ ਤਾਂ ਰਾਹੁਲ ਕੁਮਾਰ ਪੁੱਤਰ ਮੰਗਲ ਰਾਮ ਤੇ ਰਣਜੀਤ ਸਿੰਘ ਉਰਫ਼ ਜੀਤ ਪੁੱਤਰ ਗੁਰਮੇਜ ਸਿੰਘ ਵਾਸੀ ਫ਼ਰੀਦਕੋਟ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਨ੍ਹਾਂ ਦੀ ਜਾਬਤਾ ਅਨੁਸਾਰ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਕਥਿਤ ਤੌਰ 'ਤੇ 10 ਗ੍ਰਾਮ ਹੈਰੋਇਨ ਸਮੇਤ ਲਿਫਾਫਾ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਹੀ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵਲੋਂ ਪਿੰਡ ਕਿੱਲੀ ਅਰਾਈਆਂਵਾਲਾ ਖੁਰਦ ਤੋਂ ਹਰਦੀਪ ਸਿੰਘ ਉਰਫ਼ ਦੀਪ ਪੁੱਤਰ ਬੂਟਾ ਸਿੰਘ ਵਾਸੀ ਸਾਦਿਕ ਨੂੰ ਕਾਬੂ ਕਰਕੇ ਉਸ ਦੀ ਹਸਬ ਜਾਬਤਾ ਤਲਾਸ਼ੀ ਲਈ ਤਾਂ ਉਸ ਪਾਸੋਂ ਕਥਿਤ ਤੌਰ 'ਤੇ 9.40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |