ਸ੍ਰੀ ਮੁਕਤਸਰ ਸਾਹਿਬ, 3 ਮਾਰਚ (ਹਰਮਹਿੰਦਰ ਪਾਲ)-ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੀ ਅਗਵਾਈ 'ਚ ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਮਾਤਾ ਜਰਨੈਲ ਕੌਰ ਮੈਮੋਰੀਅਲ ਇੰਸਟੀਚਿਊਟ ਆਫ਼ ਨਰਸਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਡਾ. ਕੁਲਤਾਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ, ਡਾ. ਗੁਰਮੀਤ ਕੌਰ ਭੰਡਾਰੀ ਈ.ਐੱਨ.ਟੀ., ਲਾਲ ਚੰਦ ਮਾਸ ਮੀਡੀਆ ਅਫ਼ਸਰ, ਪਿ੍ੰਸੀਪਲ ਰੁਪਿੰਦਰ ਕੌਰ ਬੁੱਟਰ, ਵਾਇਸ ਪਿ੍ੰਸੀਪਲ ਮਨਜਿੰਦਰ ਕੌਰ, ਸੁਪਰਡੈਂਟ ਮੇਜਰ ਚੰਦ ਮਹਿਤਾ, ਗਗਨਦੀਪ ਬੀ.ਸੀ.ਸੀ. ਤੇ ਨਰਸਿੰਗ ਇੰਸਟੀਟਿਊਟ ਸਟਾਫ਼ ਤੇ ਵਿਦਿਆਰਥੀਆਂ ਨੇ ਭਾਗ ਲਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਇਹ ਦਿਨ ਮਨਾਉਣ ਦਾ ਮਕਸਦ ਆਮ ਲੋਕਾਂ ਵਿਚ ਕੰਨਾਂ ਦੀ ਬਿਮਾਰੀਆਂ ਪ੍ਰਤੀ ਤੇ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ, ਸੰਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਬਿਮਾਰੀਆਂ ਦਾ ਜਲਦੀ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦਾ ਇਲਾਜ ਕਰਵਾ ਕੇ ਬੋਲੇਪਣ ਤੋਂ ਬਚਿਆ ਜਾ ਸਕੇ | ਇਸ ਮੌਕੇ ਡਾ. ਗੁਰਮੀਤ ਕੌਰ ਭੰਡਾਰੀ ਕੰਨ/ਨੱਕ/ਗਲੇ ਦੇ ਮਾਹਿਰ ਨੇ ਕਿਹਾ ਕਿ ਜੇਕਰ ਕੰਨ ਡੁੱਲ੍ਹਦੇ ਹੋਣ, ਸੁਣਾਈ ਘੱਟ ਦੇ ਰਿਹਾ ਹੋਵੇ, ਜਮਾਂਦਰੂ ਬੋਲਾਪਣ, ਕੰਨਾਂ ਵਿਚ ਸ਼ਾਂ-ਸ਼ਾਂ ਦੀ ਆਵਾਜ਼ ਆਉਣ ਤੇ ਚੱਕਰ ਆਉਣ ਵਰਗੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ 60 ਸਾਲ ਦੀ ਉਮਰ ਤੋਂ ਬਾਅਦ ਸਾਲ 'ਚ ਇਕ ਵਾਰ ਕੰਨਾਂ ਦਾ ਚੈੱਕਅਪ ਮਾਹਿਰ ਡਾਕਟਰ ਤੋਂ ਕਰਵਾਓ | ਇਸ ਮੌਕੇ ਮਾਤਾ ਜਰਨੈਲ ਕੌਰ ਨਰਸਿੰਗ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਸੁਨਣ ਸ਼ਕਤੀ ਦੇ ਸੰਬੰਧ 'ਚ ਸਕਿੱਟ ਪੇਸ਼ ਕੀਤੀ ਗਈ ਤੇ ਪੋਸਟਰ ਮੁਕਾਬਲੇ ਕਰਵਾਏ ਗਏ | ਸਿਹਤ ਵਿਭਾਗ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਰੁਪਿੰਦਰ ਕੌਰ ਬੁੱਟਰ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ |