ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਪੜ੍ਹਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਆਪਸੀ ਮਿਲਵਰਤਨ, ਨਸ਼ੇ ਜਿਹੀਆਂ ਬੁਰੀਆਂ ਅਲਾਮਤਾਂ ਤੋਂ ਬਚਾਉਣ ਦੇ ਮਨੋਰਥ ਨਾਲ ਨੇੜਲੇ ਪਿੰਡ ਜੀਵਨਵਾਲਾ ਵਿਖੇ ਸਮੁੱਚੀ ਪੰਚਾਇਤ, ਸਮੂਹ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੋ ਦਿਨਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ, ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਰਣਜੀਤ ਕੌਰ ਨੇ ਫ਼ੀਤਾ ਕੱਟ ਕੇ ਕੀਤਾ | ਕਬੱਡੀ ਮੁਕਾਬਲਿਆਂ ਦੀ ਸ਼ੁਰੂਆਤ ਸਮੇਂ ਟੂਰਨਾਮੈਂਟ ਨੂੰ ਵਧੀਆ ਨੇਪਰੇ ਚਾੜਨ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਰੋਮਾਣਾ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਮੁਖੀ ਡਾ. ਸੁਖਚੈਨ ਸਿੰਘ ਬਰਾੜ, ਰਿਟਾ. ਕੈਪਟਨ ਮੁਖਤਿਆਰ ਸਿੰਘ ਸਰੋਆ, ਪੰਚ ਭੋਲਾ ਸਿੰਘ ਰੋਮਾਣਾ, ਸਾਬਕਾ ਪੰਚ ਹਾਕਮ ਸਿੰਘ ਸੰਘਾ, ਐਨ.ਆਰ.ਆਈ ਬਲਦੇਵ ਸਿੰਘ ਡਡਿਆਲਾ ਆਦਿ ਨੇ ਸਮੁੱਚੀ ਪੰਚਾਇਤ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਮੁਬਾਰਕਬਾਦ ਦਿੱਤੀ | ਟੂਰਨਾਮੈਂਟ 'ਚ ਕਬੱਡੀ ਓਪਨ ਲਈ ਪਹਿਲਾ ਇਨਾਮ ਇਕ ਲੱਖ ਤੇ ਦੂਜਾ 75,000 ਰੁਪਏ, ਕਬੱਡੀ 72 ਕਿੱਲੋ ਲਈ ਪਹਿਲਾ ਇਨਾਮ 41,000 ਤੇ ਦੂਜਾ 31,000 ਤੇ ਕਬੱਡੀ 48 ਕਿੱਲੋ ਲਈ ਪਹਿਲਾ ਇਨਾਮ 6,100 ਅਤੇ ਦੂਜਾ 4,100 ਰੁਪਏ ਰੱਖਿਆ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਾਲੀ ਜਗ੍ਹਾ 'ਤੇ ਜਲਦੀ ਹੀ ਬਣ ਰਹੇ ਖੇਡ ਸਟੇਡੀਅਮ ਦਾ ਨਿਰਮਾਣ ਵੀ ਜਲਦੀ ਹੀ ਕਰਵਾਇਆ ਜਾ ਰਿਹਾ ਹੈ, ਜਿਸ ਲਈ ਸਮੁੱਚੀ ਪੰਚਾਇਤ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਸ ਥਾਂ 'ਤੇ ਪਹਿਲਾਂ ਗੰਦੇ ਪਾਣੀ ਦਾ ਛੱਪੜ ਸੀ, ਜਿਸ ਤੋਂ ਆਸ-ਪਾਸ ਦੇ ਲੋਕ ਪ੍ਰੇਸ਼ਾਨ ਸਨ | ਸਮੂਹ ਪਿੰਡ ਵਾਸੀਆਂ ਵਲੋਂ ਪੰਚਾਇਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸ ਤਹਿਤ ਪੰਚਾਇਤ ਨੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਕਰਕੇ ਇਕ ਖੇਡ ਸਟੇਡੀਅਮ ਦਾ ਰੂਪ ਦਿੱਤਾ ਹੈ | ਇਸ ਮੌਕੇ ਐਨ.ਆਰ.ਆਈ ਨਿਰਮਲ ਸਿੰਘ ਢਿੱਲੋਂ, ਗੁਰਬਖਸ਼ ਸਿੰਘ ਡਡਿਆਲਾ, ਰਿਟਾ. ਹੈਡ ਮਾਸਟਰ ਬਲਵਿੰਦਰ ਸਿੰਘ ਰੋਮਾਣਾ, ਭੁਪਿੰਦਰ ਸਿੰਘ ਸੰਘਾ, ਹਰਦਿਆਲ ਸਿੰਘ ਰੋਮਾਣਾ ਅਤੇ ਨਿੱਕਾ ਸਿੰਘ ਸੰਘਾ ਆਦਿ ਮੌਜੂਦ ਸਨ |