ਮਲੋਟ, 27 ਮਾਰਚ (ਅਜਮੇਰ ਸਿੰਘ ਬਰਾੜ)-ਮਲੋਟ ਦੇ ਨਜ਼ਦੀਕੀ ਪਿੰਡ ਅਬੁੱਲਖੁਰਾਣਾ ਵਿਖੇ ਸਥਿਤ ਪੁਰਾਣਾ ਮਾਈਨਰ, ਜਿਸ ਦਾ ਪੁਲ ਨਵਾਂ ਬਣਾਇਆ ਗਿਆ ਹੈ, ਉਹ ਲੋਕਾਂ ਤੇ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਇਸ ਮਾਈਨਰ ਦਾ ਨਵਾਂ ਪੁਲ ਬਣਾਇਆ ਗਿਆ | ਇਹ ਪੁਲ ਐਨਾ ਉਚਾ ਬਣਾਇਆ ਗਿਆ ਹੈ ਤੇ ਸੜਕ ਨੀਵੀਂ ਰਹਿ ਗਈ ਹੈ | ਇਕਦਮ ਪੁਲ ਉੱਚਾ ਹੋਣ ਕਰਕੇ ਇਸ ਉਪਰੋਂ ਕੋਈ ਵੀ ਵਾਹਨ ਨਹੀਂ ਲੰਘ ਰਿਹਾ ਅਤੇ ਨਾਲ ਹੀ ਇਸ ਪੁਲ ਦੀ ਕੋਈ ਢਾਲ ਜਾਂ ਅੱਗੋਂ ਰਸਤਾ ਵੀ ਨਹੀਂ ਕੱਢਿਆ ਗਿਆ ਹੈ ਤੇ ਲਗਭਗ ਦੋ ਫ਼ੁੱਟ ਦੀ ਸਲੈਬ ਹੀ ਛੱਡੀ ਗਈ ਹੈ, ਜੋ ਕਿ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਕਈ ਹਾਦਸੇ ਹੋਣ ਤੋਂ ਬਚ ਗਏ ਹਨ | ਹੁਣ ਇਸ ਰਸਤੇ ਦਾ ਸਾਰਾ ਟ੍ਰੈਫ਼ਿਕ ਕੱਚੇ ਰਸਤੇ ਤੋਂ ਹੋ ਕੇ ਮੇਨ ਰੋਡ 'ਤੇ ਜਾ ਰਿਹਾ ਹੈ ਤੇ ਲੋਕਾਂ ਲਈ ਸਿਰਦਰਦੀ ਬਣ ਗਿਆ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਬਾਬਤ ਉਨ੍ਹਾਂ ਵਲੋਂ ਜੇ.ਈ. ਤੇ ਠੇਕੇਦਾਰ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਵਲੋਂ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਹੈ | ਪਿੰਡ ਵਾਸੀਆਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਪੁਲ ਦੇ ਰਸਤੇ ਨੂੰ ਬਣਾਇਆ ਜਾਵੇ, ਤਾਂ ਜੋ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਰਸਤਾ ਵੀ ਮੁੜ ਚਾਲੂ ਹੋ ਸਕੇ |