ਮੰਡੀ ਲੱਖੇਵਾਲੀ, 11 ਅਪ੍ਰੈਲ (ਮਿਲਖ ਰਾਜ)-ਪਿਛਲੇ ਦਿਨੀਂ ਹੋਈ ਭਾਰੀ ਗੜੇ੍ਹਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਗੰਧੜ ਦੇ ਵਾਸੀਆਂ ਲਈ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪਸ਼ੂਆਂ ਦੇ ਚਾਰੇ ਦੇ ਰੂਪ ਵਿਚ ਅਚਾਰ ਦੀਆਂ ਗੱਠਾਂ ਭੇਜੀਆਂ ਗਈਆਂ, ਜਿਨ੍ਹਾਂ ਨੂੰ ਭਾਜਪਾ ਆਗੂਆਂ ਦੁਆਰਾ ਪਿੰਡ ਦੇ ਲੋੜਵੰਦ ਲੋਕਾਂ ਦਿੱਤਾ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਦੇ ਨਿੱਜੀ ਸਲਾਹਕਾਰ ਵਿੱਕੀ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰੀ ਗੜੇ੍ਹਮਾਰੀ ਕਾਰਨ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਭਾਜਪਾ ਆਗੂ ਆਏ ਸਨ | ਇਥੋਂ ਦੀ ਦਰਦਨਾਕ ਬਰਬਾਦੀ ਦਾ ਮੰਜ਼ਰ ਵੇਖ ਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਹਰੇ ਚਾਰੇ ਦੇ ਪ੍ਰਬੰਧ ਵਜੋਂ ਅਚਾਰ ਦੀਆਂ ਗੱਠਾਂ ਪਿੰਡ ਵਿਚ ਪਹੁੰਚਾਉਣਗੇ, ਜਿਸ ਦੀ ਪਹਿਲੀ ਖੇਪ ਵਜੋਂ ਸ਼ੁਰੂਆਤ ਕੀਤੀ ਗਈ | ਜ਼ਿਕਰਯੋਗ ਹੈ ਕਿ ਭਾਰੀ ਗੜੇ੍ਹਮਾਰੀ ਕਾਰਨ ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਦੀ ਫ਼ਸਲ ਵੀ ਬੁਰੀ ਤਰ੍ਹਾਂ ਬਰਬਾਦ ਹੋ ਗਈ ਸੀ ਅਤੇ ਸਰਕਾਰ ਸਮੇਤ ਕਿਸੇ ਵੀ ਹੋਰ ਪਾਰਟੀ ਨੇ ਕਿਸਾਨਾਂ ਦੀ ਅਜੇ ਤੱਕ ਬਾਂਹ ਨਹੀਂ ਫ਼ੜ੍ਹੀ | ਪਿੰਡ ਵਾਸੀਆਂ ਨੇ ਰਾਣਾ ਸੋਢੀ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਵਿੱਕੀ ਸਿੱਧੂ ਨਿੱਜੀ ਸਲਾਹਕਾਰ, ਸੁਰਜੀਤ ਸਿੰਘ ਬੁੱਟਰ, ਬਖ਼ਸ਼ੀਸ਼ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ ਸੋਢੀ, ਅਮਰਿੰਦਰ ਸਿੰਘ ਸੰਧੂ ਜਨਰਲ ਸਕੱਤਰ, ਅੰਗਰੇਜ ਸਿੰਘ ਉੜਾਂਗ, ਰਾਜਨ ਬਰਾੜ ਗੰਧੜ ਯੂਥ ਆਗੂ, ਪ੍ਰੇਮ ਸਿੰਘ ਗੰਧੜ ਆਦਿ ਆਗੂ ਹਾਜ਼ਰ ਸਨ |