ਮਲੋਟ, 11 ਅਪ੍ਰੈਲ (ਅਜਮੇਰ ਸਿੰਘ ਬਰਾੜ, ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਇੰਟਰ ਕਾਲਜ ਹੈਂਡਬਾਲ ਟੂਰਨਾਮੈਂਟ ਦੀ ਸਮਾਪਤੀ ਹੋਈ | ਇਸ ਦੋ ਰੋਜ਼ਾ ਟੂਰਨਾਮੈਂਟ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ ਤੇ ਸਪੋਰਟਸ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਦੇ ਲੜਕੇ ਤੇ ਲੜਕੀਆਂ ਦੇ ਹੈਂਡਬਾਲ ਮੁਕਾਬਲੇ ਮਿਮਿਟ ਮਲੋਟ ਵਿਖੇ ਕਰਵਾਏ ਗਏ | ਹੈਂਡਬਾਲ ਟੂਰਨਾਮੈਂਟ ਵਿਚ ਲੜਕੀਆਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਤੀਜੇ ਸਥਾਨ 'ਤੇ ਜੀ.ਟੀ.ਬੀ.ਆਈ.ਐੱਮ.ਟੀ. ਦਾਖਾ ਤੇ ਦੂਜੇ ਸਥਾਨ 'ਤੇ ਸੀ.ਈ.ਸੀ. ਲਾਂਡਰਾ ਦੀਆਂ ਲੜਕੀਆਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਮਿਮਿਟ ਦੀਆਂ ਲੜਕੀਆਂ ਨੇ ਸੋਨ ਤਗ਼ਮਾ ਤੇ ਟਰਾਫ਼ੀ ਆਪਣੇ ਨਾਂਅ ਕੀਤੀ | ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲੇ ਵੀ ਬਹੁਤ ਰੌਚਕ ਵੇਖਣ ਨੂੰ ਮਿਲੇ | ਲੜਕਿਆਂ ਦੇ ਮੁਕਾਬਲਿਆਂ ਵਿਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਝੰਝੇੜੀ ਨੇ ਤੀਜਾ ਸਥਾਨ, ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਮਿਮਿਟ ਮਲੋਟ ਦੀ ਟੀਮ ਨੇ ਸੋਨ ਤਗ਼ਮਾ ਤੇ ਟਰਾਫ਼ੀ ਜਿੱਤ ਕੇ ਮਿਮਿਟ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਵੱਖ-ਵੱਖ ਕਾਲਜਾਂ ਦੇ ਖਿਡਾਰੀਆਂ ਕੋਚਜ਼, ਪੀ.ਟੀ.ਯੂ. ਦੇ ਅਫ਼ਸਰਜ਼, ਸਾਰੇ ਰੈਫ਼ਰੀਆਂ ਤੇ ਸੰਸਥਾ ਦੇ ਸਟਾਫ਼ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਪੂਰੇ ਟੂਰਨਾਮੈਂਟ ਨੂੰ ਵਧੀਆ ਤਰੀਕੇ ਨਾਲ ਕਰਵਾਉਣ ਲਈ ਡਾ. ਭੁੱਲਰ ਨੇ ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ, ਸਪੋਰਟਸ ਪ੍ਰਧਾਨ ਇੰਜੀਨੀਅਰ ਜਤਿੰਦਰ ਸਿੰਘ, ਸਹਾਇਕ ਸਪੋਰਟਸ ਪ੍ਰਧਾਨ ਵਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਸ਼ਲਾਘਾ ਕੀਤੀ | ਸੰਸਥਾ ਵਲੋਂ ਵੱਖ-ਵੱਖ ਰੈਫ਼ਰੀਟਾ ਨੂੰ ਵੀ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਇੰਜੀ. ਗੁਰਪ੍ਰੀਤ ਸਿੰਘ ਸੋਨੀ ਵਲੋਂ ਕੀਤਾ ਗਿਆ |