ਜੈਤੋ, 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਨੇੜਲੇ ਪਿੰਡ ਰਾਮਗੜ੍ਹ (ਭਗਤੂਆਣਾ) ਵਿਖੇ ਯੁਵਕ ਸੇਵਾਵਾਂ ਕਲੱਬ ਵਲੋਂ ਵਿਸਾਖੀ ਮੇਲੇ 'ਤੇ ਬੱਚਿਆਂ ਦੀਆਂ ਦੌੜਾਂ ਅਤੇ ਰਾਤ ਸਮੇਂ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ 30 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦਾ ਉਦਘਾਟਨ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਨੇ ਕੀਤਾ | ਜਦ ਕਿ ਐਨ.ਆਰ.ਆਈ ਰਵਿੰਦਰ ਯੂ.ਕੇ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਵਾਲੀਬਾਲ ਮੁਕਾਬਲੇ 'ਚ ਸੁੱਖਣਵਾਲਾ ਦੀ ਟੀਮ ਨੇ ਪਹਿਲਾ, ਹਰਰਾਏਪੁਰ ਦੀ ਟੀਮ ਨੇ ਦੂਜਾ ਅਤੇ ਸੈਂਜੜਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਦੌੜਾਂ ਵਿਚ ਜੇਤੂ ਬੱਚਿਆਂ ਅਤੇ ਜੇਤੂ ਵਾਲੀਬਾਲ ਟੀਮਾਂ ਨੂੰ ਇਨਾਮਾਂ ਦੀ ਵੰਡ ਚੇਅਰਮੈਨ ਡਾ. ਲਛਮਣ ਭਗਤੂਆਣਾ ਅਤੇ ਡੇਰਾ ਬਾਬਾ ਭਾਈ ਭਗਤੂ ਭਗਤੂਆਣਾ ਦੇ ਮੁੱਖ ਸੇਵਾਦਾਰ ਸੱਤ ਮੁਨੀ ਨੇ ਕੀਤੀ | ਕਲੱਬ ਦੇ ਪ੍ਰਧਾਨ ਨਰਾਇਣ ਸਿੰਘ, ਸਰਪ੍ਰਸਤ ਕੁਲਦੀਪ ਸ਼ਰਮਾ, ਮਾਸਟਰ ਅਮਰਜੀਤ ਸਿੰਘ, ਮੈਂਬਰ ਹਰਪ੍ਰੀਤ ਸਿੰਘ, ਜਸਪਾਲ ਸਿੰਘ, ਗਗਨਦੀਪ ਸਿੰਘ ਅਤੇ ਗੁਰਦੇਵ ਸਿੰਘ ਨੇ ਟੂਰਨਾਮੈਂਟ ਵਿਚ ਹਾਜ਼ਰੀ ਲਗਵਾਉਣ ਵਾਲੀਆਂ ਟੀਮਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ |