ਫ਼ਰੀਦਕੋਟ, 19 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਥਾਣਾ ਜੈਤੋ ਪੁਲਿਸ ਨੇ ਨਸ਼ੇ ਦੀ ਤਸਕਰੀ 'ਚ ਸ਼ਾਮਿਲ 2 ਦੋਸ਼ੀਆਂ ਨੂੰ 51 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਗਿ੍ਫ਼ਤਾਰ ਦੋਸ਼ੀਆਂ ਦੀ ਪਹਿਚਾਣ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਪਰਮਵੀਰ ਸਿੰਘ ਉਰਫ਼ ਪਰਮ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮਭੱਟੀ ਦੇ ਰਹਿਣ ਵਾਲੇ ਮਹਿਕਦੀਪ ਸਿੰਘ ਉਰਫ ਰਵੀ ਵਜੋਂ ਹੋਈ ਹੈ | ਪੁਲਿਸ ਨੇ ਦੋਸ਼ੀਆਂ ਪਾਸੋਂ 51 ਗਰਾਮ ਹੈਰੋਇਨ ਸਮੇਤ ਹੀਰੋ ਐਚ.ਐਫ਼ ਮੋਟਰਸਾਈਕਲ ਨੂੰ ਵੀ ਕਬਜ਼ੇ ਵਿਚ ਲਿਆ ਗਿਆ ਹੈ | ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਇੰਸਪੈਕਟਰ ਨਵਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਪਿੰਡ ਰੋੜੀਕਪੂਰਾ ਤੋਂ ਕਾਸਮ ਭੱਟੀ ਨੂੰ ਜਾਂਦੀ ਲਿੰਕ ਰੋਡ ਪਰ ਬਣੇ ਸੂਆ ਨਜ਼ਦੀਕ ਪੁੱਜੀ ਤਾਂ ਪੁਲ ਸੂਆ ਦੇ ਨਾਲ ਕੱਚੀ ਪਟੜੀ 'ਤੇ ਲੱਗੇ ਬੋਹੜ ਦੇ ਦਰੱਖਤ ਹੇਠਾਂ ਦੋਸ਼ੀ ਪਰਮਵੀਰ ਸਿੰਘ ਉਰਫ਼ ਪਰਮ ਅਤੇ ਮਹਿਕਦੀਪ ਸਿੰਘ ਇਕ ਮੋਟਰਸਾਈਕਲ ਪਾਸ ਖੜੇ ਦਿਖਾਈ ਦਿੱਤੇ | ਜਿਨ੍ਹਾਂ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਮੌਕੇ ਖਿਸਕਣ ਦੀ ਕੋਸ਼ਿਸ਼ ਕੀਤੀ | ਜਿਨ੍ਹਾਂ ਨੂੰ ਸ਼ੱਕ ਦੀ ਬਿਨਾਅ 'ਤੇ ਤਲਾਸ਼ੀ ਕਰਨ 'ਤੇ 51 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧੀ ਥਾਣਾ ਜੈਤੋ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |