ਫ਼ਰੀਦਕੋਟ, 19 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮੰਗਾਂ ਨੂੰ ਲੈ ਕੇ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕ (ਪੀਏਡੀਬੀ) ਦੇ ਖ਼ਿਲਾਫ਼ 30 ਮਾਰਚ ਤੋਂ ਲਗਾਇਆ ਗਿਆ ਧਰਨਾ ਅੱਜ 21ਵੇਂ ਦਿਨ ਵੀ ਜਾਰੀ ਹੈ | ਕਿਸਾਨਾਂ ਦਾ ਦੋਸ਼ ਹੈ ਕਿ ਬੈਂਕ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਅਨਿਆਇ ਕੀਤਾ ਜਾ ਰਿਹਾ ਹੈ | ਕਿਸਾਨ ਆਗੂਆਂ ਮੁਤਾਬਿਕ ਇਸ ਮਾਮਲੇ ਸਬੰਧੀ ਫ਼ਰੀਦਕੋਟ ਦੇ ਸਿਵਲ ਪ੍ਰਸ਼ਾਸਨ ਅਤੇ ਬੈਂਕ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਕੋਈ ਢੰਗ ਦਾ ਹੱਲ ਨਹੀਂ ਨਿਕਲਿਆ | ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਬੈਂਕ ਦਾ ਪੱਖ ਲੈਂਦਾ ਦਿਖਾਈ ਦੇ ਰਿਹਾ ਹੈ | ਯੂਨੀਅਨ ਅਨੁਸਾਰ ਉਨ੍ਹਾਂ ਕੋਲ ਬੈਂਕ ਖ਼ਿਲਾਫ਼ ਲਗਪਗ 134 ਸ਼ਿਕਾਇਤਾਂ ਆ ਚੁੱਕੀਆਂ ਹਨ | ਇਕ ਮਾਮਲੇ ਵਿਚ ਦੱਸਿਆ ਗਿਆ ਕਿ ਇਕ ਕਿਸਾਨ ਦੇ ਦਾਦੇ ਵਲੋਂ ਲਿਆ ਲੋਨ ਜੋ ਕਾਫ਼ੀ ਪਹਿਲਾਂ ਮੁਕੰਮਲ ਹੋ ਚੁੱਕਾ ਸੀ, ਉਸ ਨੂੰ ਦੁਬਾਰਾ ਸਰਗਰਮ ਕਰਕੇ ਮੌਜੂਦਾ ਵਾਰਸਾਂ ਨਾਲ ਜੋੜ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ | ਧਰਨੇ ਦੇ ਸ਼ੁਰੂ ਵਿਚ ਬੈਂਕ ਅਧਿਕਾਰੀਆਂ ਵਲੋਂ ਕਿਸਾਨਾਂ ਤੋਂ ਚੈੱਕ ਲੈਣ ਤੋਂ ਇਨਕਾਰ ਕੀਤਾ ਗਿਆ ਸੀ, ਪਰ ਬਾਅਦ ਵਿਚ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਹ ਗੱਲ ਮੰਨੀ ਗਈ ਕਿ ਚੈੱਕ ਲਏ ਜਾਂਦੇ ਹਨ | ਕਿਸਾਨਾਂ ਦਾ ਦੋਸ਼ ਹੈ ਕਿ ਬਲੈਂਕ ਚੈੱਕ ਲੈ ਕੇ ਉਨ੍ਹਾਂ 'ਤੇ ਦਬਾਅ ਬਣਾਇਆ ਜਾਂਦਾ ਹੈ | ਯੂਨੀਅਨ ਨੇ ਦੋਸ਼ ਲਗਾਇਆ ਕਿ ਲੋਨ ਪ੍ਰਕਿਰਿਆ ਦੌਰਾਨ ਬਿਚੋਲੀਆਂ ਰਾਹੀਂ ਗੈਰ-ਪਾਰਦਰਸ਼ੀ ਤਰੀਕੇ ਅਪਣਾਏ ਜਾਂਦੇ ਹਨ | ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ | ਇਸ ਮਾਮਲੇ ਵਿਚ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ ਅਤੇ ਹੋਰ ਆਗੂ ਪ੍ਰਸ਼ਾਸਨ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ, ਪਰ ਹਾਲਾਤ ਜਿਉਂ ਦੇ ਤਿਉਂ ਹਨ | ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਧਰਨਾ ਜਾਰੀ ਰਹੇਗਾ |