ਕੋਟਕਪੂਰਾ, 21 ਅਪੈ੍ਰਲ (ਮੋਹਰ ਸਿੰਘ ਗਿੱਲ)-ਫ਼ਿਰਦੋਸ਼ ਰੰਗ ਮੰਚ ਅਤੇ ਚਿਨਾਬ ਗਰੁੱਪ ਆਫ਼ ਐਜੂਕੇਸ਼ਨ ਦਾ ਤੀਜਾ ਤਿੰਨ ਰੋਜਾ ਥੀਏਟਰ ਫ਼ੈਸਟੀਵਲ ਯਾਦਗਾਰੀ ਹੋ ਨਿਬੜਿਆ | ਸਥਾਨਕ ਸ਼ਹੀਦ ਭਗਤ ਸਿੰਘ ਕਿਲ੍ਹਾ ਪਾਰਕ ਵਿਖੇ ਪਹਿਲੇ ਦਿਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਬਤੌਰ ਮੁੱਖ ਮਹਿਮਾਨ ਪੇਸ਼ ਕੀਤੇ ਗਏ ਨਾਟਕ 'ਬੱਚੇ ਜੋ ਬਚੇ ਨਹੀਂ' ਦੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ | ਦੂਜੇ ਦਿਨ ਮੁੱਖ ਮਹਿਮਾਨ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਆਪਣੀ ਸਮੁੱਚੀ ਟੀਮ ਸਮੇਤ ਸੈਂਕੜੇ ਦਰਸ਼ਕਾਂ ਦੀ ਹਾਜ਼ਰੀ ਵਿਚ ਨਾਟਕ 'ਰੀਟੇਕ ਜ਼ਿੰਦਗੀ' ਨੂੰ ਦੇਖਿਆ | ਉਨ੍ਹਾਂ ਸਾਰਥਿਕ ਰੰਗ-ਮੰਚ ਪਟਿਆਲਾ ਵਲੋਂ ਨਾਟਕਕਾਰ ਰਾਜਵਿੰਦਰ ਸਿੰਘ ਅਤੇ ਨਿਰਦੇਸ਼ਕ ਡਾ. ਲੱਖਾ ਲਹਿਰੀ ਦੀ ਅਗਵਾਈ ਵਾਲਾ ਨਾਟਕ 'ਰੀਟੇਕ ਜ਼ਿੰਦਗੀ' ਗਲਤਫ਼ਹਿਮੀਆਂ ਅਤੇ ਹਊਮੈਂ ਨਾਲ ਤਿੜਕਦੇ ਰਿਸ਼ਤਿਆਂ ਨੂੰ ਦੀ ਬਾਕਮਾਲ ਪੇਸ਼ਕਾਰੀ ਦਾ ਆਨੰਦ ਮਾਣਿਆ | ਤੀਜੇ ਦਿਨ ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਾਟਕ 'ਸਾਰੰਗੀਆਂ' ਦੇਖ ਕੇ ਜਿੱਥੇ ਤਿੰਨ ਦਿਨਾਂ ਦੀ ਕਲਾਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ, ਉਥੇ ਰਜਿੰਦਰ ਬੁਲਟ ਦੀ ਅਗਵਾਈ ਵਾਲੀ ਸਮੁੱਚੀ ਟੀਮ ਦੇ ਉਪਰਾਲੇ ਦੀ ਵੀ ਖ਼ੂਬ ਪ੍ਰਸੰਸਾ ਕੀਤੀ | ਉਨ੍ਹਾਂ ਕਿਲਾ ਪਾਰਕ ਵਿਚਲੀ ਸਟੇਜ ਨੂੰ ਚੌੜਾ ਕਰਕੇ ਉਪਰ ਸ਼ੈੱਡ ਬਣਾਉਣ ਅਤੇ ਹਰ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ ਵੀ ਦਿਵਾਇਆ | ਉਨ੍ਹਾਂ ਫਿਰਦੋਸ਼ ਰੰਗ-ਮੰਚ ਫ਼ਰੀਦਕੋਟ ਵਲੋਂ ਨਿਰਦੇਸ਼ਕ ਰਜਿੰਦਰ ਬੁਲਟ ਅਤੇ ਨਾਟਕਕਾਰ ਡਾ. ਕੁਲਬੀਰ ਮਲਿਕ ਦੀ ਅਗਵਾਈ ਵਾਲੇ ਪੇਸ਼ ਕੀਤੇ ਨਾਟਕ ਸਾਰੰਗੀਆਂ ਵਿਚਲੇ ਦਰਦ, ਤੜਪ, ਬਿਰਹਾ, ਵਿਯੋਗ, ਤਨਹਾਈ ਅਤੇ ਤਰਾਸਦੀ ਦੀ ਸ਼ਾਨਦਾਰ ਪੇਸ਼ਕਾਰੀ ਦੀ ਪ੍ਰਸੰਸਾ ਕੀਤੀ | ਸਟੇਜ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਪ੍ਰੋਫੈਸਰ (ਡਾ.) ਕੁਲਬੀਰ ਮਲਿਕ, ਰਜਿੰਦਰ ਬੁਲਟ ਅਤੇ ਬਲਜੀਤ ਸਿੰਘ ਖੀਵਾ ਦੀ ਅਗਵਾਈ ਹੇਠ ਤਿੰਨੋ ਦਿਨ ਨਾਟਕ ਤੋਂ ਪਹਿਲਾਂ ਸਾਹਿਤਕ ਸੰਗੀਤਕ ਮਹਿਫ਼ਲ ਸੁਰ ਆਂਗਣ ਰਾਹੀਂ ਸੰਦੀਪ ਸਿੰਘ, ਗੁਲਾਬ ਫ਼ਰੀਦ, ਸਿਮਰ ਫ਼ਰੀਦਕੋਟ ਅਤੇ ਮਨਪ੍ਰੀਤ ਕੌਰ ਨੇ ਖ਼ੂਬ ਰੰਗ ਬੰਨਿ੍ਹਆ | ਇਸ ਮੌਕੇ ਜਗਦੇਵ ਸਿੰਘ ਬਰਾੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਸੁਰਜੀਤ ਗਿੱਲ, ਸੰਦੀਪ ਥਾਪਰ ਅਤੇ ਹੋਰ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ |