ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਦੀ ਤਿਆਰੀ ਲਈ ਮੋਗਾ ਸ਼ਹਿਰ ਦੇ ਵਿਸ਼ਾਲ ਮੈਗਾ ਮਾਰਟ (ਨੇੜੇ ਨਗਰ ਨਿਗਮ ਦਫ਼ਤਰ ਮੋਗਾ) ਵਿਖੇ ਵੀ 24 ਅਪ੍ਰੈਲ ਨੂੰ ਰਾਤ 8 ਵਜੇ ਮੌਕ ਡਰਿੱਲ ਕਰਵਾਈ ਜਾ ਰਹੀ ਹੈ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵਲੋਂ ਅੱਜ ਸਿਵਲ ਡਿਫੈਂਸ, ਹੋਮ ਗਾਰਡ ਦੇ ਅਧਿਕਾਰੀਆਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਸਬੰਧੀ ਤਿਆਰੀਆਂ ਬਾਰੇ ਮੀਟਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਇਹ ਕੇਵਲ ਸਿਵਲ ਡਿਫੈਂਸ ਦੀ ਤਿਆਰੀ ਲਈ ਰੁਟੀਨ ਡਰਿੱਲ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ | ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸੂਰਜ, ਜ਼ਿਲ੍ਹਾ ਆਪਦਾ ਪ੍ਰਬੰਧਨ ਅਧਿਕਾਰੀ ਰਾਮ ਚੰਦਰ ਵੀ ਹਾਜ਼ਰ ਸਨ | ਸੇਤੀਆ ਨੇ ਦੱਸਿਆ ਕਿ ਮੌਕ ਡਰਿੱਲ ਦੀ ਸ਼ੁਰੂਆਤ ਏਅਰ ਰੇਡ ਚਿਤਾਵਨੀ ਸਿਗਨਲ ਨਾਲ ਹੋਵੇਗੀ, ਜੋ ਕਿ ਸਾਇਰਨਾਂ ਰਾਹੀਂ ਦਿੱਤਾ ਜਾਵੇਗਾ | ਇਸ ਦੌਰਾਨ ਮੌਕ ਐਕਸਰਸਾਈਜ਼ ਲਈ ਨਿਰਧਾਰਿਤ ਇਲਾਕਿਆਂ (ਵਿਸ਼ਾਲ ਮੈਗਾ ਮਾਰਟ ਦੇ 300 ਮੀਟਰ ਘੇਰੇ ਅੰਦਰ) ਵਿਚ ਨਕਲੀ ਬਲੈਕ ਆਊਟ ਲਾਗੂ ਕੀਤਾ ਜਾਵੇਗਾ | ਜ਼ਿਲ੍ਹਾ ਮੋਗਾ ਵਿਚ ਇਹ ਮੌਕ ਡਰਿੱਲ ਵਿਸ਼ਾਲ ਮੈਗਾ ਮਾਰਟ (ਨੇੜੇ ਨਗਰ ਨਿਗਮ ਦਫ਼ਤਰ) ਦੇ ਆਸ-ਪਾਸ 300 ਮੀਟਰ ਦੇ ਘੇਰੇ ਅੰਦਰ ਕਰਵਾਈ ਜਾਵੇਗੀ | ਬਲੈਕ ਆਊਟ ਦੌਰਾਨ ਨਿਰਧਾਰਿਤ ਇਲਾਕਿਆਂ ਵਿਚ ਆਮ ਲੋਕਾਂ ਵਲੋਂ ਸਾਰੀ ਗ਼ੈਰ-ਜ਼ਰੂਰੀ ਬਿਜਲੀ ਬੰਦ ਕੀਤੀ ਜਾਵੇਗੀ | ਲੋਕਾਂ ਨੂੰ ਆਪਣੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਲਾਈਟਾਂ, ਬਿਜਲਈ ਸਾਇਨ ਬੋਰਡ ਆਦਿ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਇਸ ਸਮੇਂ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਕਿ ਹਸਪਤਾਲ ਸੇਵਾਵਾਂ ਬਲੈਕ ਆਊਟ ਦੌਰਾਨ ਵੀ ਜਾਰੀ ਰਹਿਣਗੀਆਂ | ਮੌਕ ਡਰਿੱਲ ਦੌਰਾਨ ਅੱਗ ਬੁਝਾਊ ਕਾਰਵਾਈ, ਖੋਜ ਅਤੇ ਬਚਾਅ ਕਾਰਵਾਈ, ਫ਼ਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਦੀ ਇਵੈਕੂਏਸ਼ਨ, ਟਰੈਫ਼ਿਕ ਅਤੇ ਭੀੜ ਕੰਟਰੋਲ ਵਰਗੀਆਂ ਕਾਰਵਾਈਆਂ ਦੀ ਨਕਲ ਕੀਤੀ ਜਾਵੇਗੀ | ਜਦੋਂ ਮੌਕ ਐਕਸਰਸਾਈਜ਼ ਸਮਾਪਤ ਹੋ ਜਾਵੇਗੀ, ਤਦ ਆਲ ਕਲੀਅਰ ਸਿਗਨਲ ਦਿੱਤਾ ਜਾਵੇਗਾ ਜੋ ਕਿ ਮੌਕ ਐਕਸਰਸਾਈਜ਼ ਦੇ ਖ਼ਤਮ ਹੋਣ ਦਾ ਸੰਕੇਤ ਹੋਵੇਗਾ | ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਲਈ ਇਕ ਰੁਟੀਨ ਡਰਿੱਲ ਹੈ | ਉਨ੍ਹਾਂ ਕਿਹਾ ਕਿ ਇਸ ਡਰਿੱਲ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ |