ਜੈਤੋ, 23 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਜੈਤੋ ਸਥਿਤ ਆਈ.ਸੀ.ਆਈ.ਸੀ.ਆਈ. ਬੈਂਕ ਦੀ ਬਰਾਂਚ ਨਾਲ ਜੁੜਿਆ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਗ੍ਰਾਹਕ ਸ਼ਕੁੰਲਤਾ ਦੇਵੀ ਪਤਨੀ ਗੁਰਮੀਤਪਾਲ ਸ਼ਰਮਾ ਵਾਸੀ ਰੋੜੀਕਪੂਰਾ ਦੇ ਖਾਤੇ 'ਚੋਂ 29 ਮਾਰਚ ਨੂੰ ਅਚਾਨਕ 36,000 ਰੁਪਏ ਦੀ ਰਕਮ ਗਾਇਬ ਹੋ ਗਈ | ਪੀੜਤਾ ਦਾ ਕਹਿਣਾ ਹੈ ਕਿ ਉਸਨੇ ਕੋਈ ਵੀ ਇਸ ਤਰ੍ਹਾਂ ਦੀ ਲੈਣ-ਦੇਣ ਨਹੀਂ ਕੀਤਾ, ਫਿਰ ਵੀ ਉਸਦੇ ਖਾਤੇ 'ਚੋਂ ਉਕਤ ਰਕਮ ਕੱਟ ਲਈ ਗਈ | ਪੀੜਤਾ ਦੇ ਅਨੁਸਾਰ ਜਦੋਂ ਉਸ ਨੇ ਮੋਬਾਈਲ ਐਪ ਰਾਹੀਂ ਮਿੰਨੀ ਸਟੇਟਮੈਂਟ ਚੈੱਕ ਕੀਤੀ ਤਾਂ ਉਸ 'ਚ 36,000 ਰੁਪਏ ਦੀ ਕਟੌਤੀ ਦਰਜ ਸੀ, ਜੋ ਕਿਸੇ 'ਏਅਰ ਪੇਮੈਂਟ/ ਥਰਡ-ਪਾਰਟੀ ਐਪ' ਰਾਹੀਂ ਟਰਾਂਸਫ਼ਰ ਹੋਈ ਦਿਖਾਈ ਦਿੱਤੀ | ਇਸ ਨਾਲ ਉਸ ਨੂੰ ਸ਼ੱਕ ਪੈਦਾ ਹੋਇਆ ਤੇ ਉਸ ਨੇ ਤੁਰੰਤ ਬੈਂਕ ਬਰਾਂਚ ਨਾਲ ਸੰਪਰਕ ਕੀਤਾ ਤਾਂ ਬਰਾਂਚ ਦੇ ਅਧਿਕਾਰੀਆਂ ਦਾ ਰਵੱਈਆ ਸੰਤੋਸ਼ਜਨਕ ਨਹੀਂ ਸੀ | ਇਸ ਸੰਬੰਧੀ ਉਸ ਵਲੋਂ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ, ਪਰ ਹਾਲੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ | ਇਸ ਘਟਨਾ ਨਾਲ ਇਲਾਕੇ ਦੇ ਹੋਰ ਗ੍ਰਾਹਕਾਂ ਵਿਚ ਵੀ ਚਿੰਤਾ ਦਾ ਮਾਹੌਲ ਬਣ ਗਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਬੈਂਕਿੰਗ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ ਤਾਂ ਜੋ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਬਚਿਆ ਜਾ ਸਕੇ | ਦੂਜੇ ਪਾਸੇ ਬੈਂਕ ਮੈਨੇਜਰ ਦਿਕਸ਼ਿਤ ਸਿੰਗਲਾ ਨੇ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੁੱਖ ਬਰਾਂਚ ਨੂੰ ਈਮੇਲ ਰਾਹੀਂ ਭੇਜ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਗ੍ਰਾਹਕ ਨੂੰ ਸੂਚਿਤ ਕੀਤਾ ਜਾਵੇਗਾ, ਪਰ ਪੈਸੇ ਵਾਪਸ ਕਰਨ ਬਾਰੇ ਕੋਈ ਪੱਕੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ |