ਲੰਬੀ, 26 ਅਪ੍ਰੈਲ (ਮੇਵਾ ਸਿੰਘ)-ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਭਰ 'ਚ ਵਿਰੋਧ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਇਸੇ ਤਹਿਤ ਹਲਕਾ ਲੰਬੀ ਦੇ ਸਮੂਹ ਵਰਕਰਾਂ ਨੇ 'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਦੇ ਪੂਤਲੇ ਫ਼ੂਕੇ ਤੇ ਇਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਆਪ' ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਕਰਨ ਵਾਲੇ ਰਾਘਵ ਚੱਢਾ, ਸੰਦੀਪ ਪਾਠਕ, ਹਰਭਜਨ ਸਿੰਘ, ਅਸ਼ੋਕ ਮਿੱਤਲ, ਰਜਿੰਦਰ ਗੁਪਤਾ, ਸਵਾਤੀ ਮਾਲੀਵਾਲ ਤੇ ਵਿਕਰਮ ਸਾਹਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਤੋਂ ਇਲਾਵਾ ਉਨ੍ਹਾਂ ਨੂੰ ਪਾਰਟੀ ਨਾਲ ਗੱਦਾਰੀ ਕਰਨ 'ਤੇ ਕੋਸਿਆ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਭਰੋਸੇ ਨਾਲ ਉਚੇ ਅਹੁਦਿਆਂ 'ਤੇ ਭੇਜਿਆ, ਉਨ੍ਹਾਂ ਵਲੋਂ ਭਾਜਪਾ 'ਚ ਸ਼ਾਮਿਲ ਹੋਣਾ ਪੰਜਾਬ ਦੀ ਜਨਤਾ ਨਾਲ ਵੱਡਾ ਧੋਖਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਖੜ੍ਹੀ ਰਹੇਗੀ ਤੇ ਇਸ ਤਰ੍ਹਾਂ ਦੀ ਗੱਦਾਰੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੇ ਭਰੋਸੇ ਨੂੰ ਵੇਚਣ ਵਾਲਿਆਂ ਦਾ ਹਰ ਪੱਧਰ 'ਤੇ ਵਿਰੋਧ ਜਾਰੀ ਰਹੇਗਾ | ਇਸ ਮੌਕੇ ਅਰਸ਼ ਧਾਲੀਵਾਲ, ਬਲਾਕ ਕੋਆਰਡੀਨੇਟਰ, ਜਸਵਿੰਦਰ ਸਿੰੰਘ ਭਾਗੂ ਸਾਬਕਾ ਸਰਪੰਚ, ਸ਼ਿਵਰਾਜ ਸਿੰਘ ਮਿੱਠੜੀ ਬਲਾਕ ਪ੍ਰਧਾਨ, ਗੁਰਬਾਜ ਸਿੰਘ ਪੀ.ਏ. ਕੈਬਨਿਟ ਮੰਤਰੀ, ਮੋਹਿਤ ਸੋਨੀ, ਟੋਜੀ ਲੰਬੀ, ਅਮਨਾ ਚੰਨੂ, ਸਰਪੰਚ ਭਗਵੰਤ ਸਿੰਘ, ਟੋਜੀ ਸੀਰਾ ਧਾਲੀਵਾਲ, ਬਲਰਾਜ ਸਿੰਘ ਸ਼ਮਾ ਮਹਿਣਾ, ਜਸਵਿੰਦਰ ਸਿੰਘ ਮਾਨਾਂ, ਦਿਲਬਾਗ ਸਿੰਘ ਸਰਪੰਚ, ਸੁਮੀਤ ਮਿਠੜੀ, ਰਮੇਸ਼ ਸਰਪੰਚ ਪੰਜਾਵਾ ਆਦਿ ਹਾਜ਼ਰ ਸਨ |