ਮਲੋਟ, 4 ਮਈ (ਪਾਟਿਲ)-ਭਾਰਤੀ ਜਨਤਾ ਪਾਰਟੀ ਵਲੋਂ ਅੱਜ ਪੱਛਮੀ ਬੰਗਾਲ, ਅਸਾਮ ਅਤੇ ਪਾਂਡੀਚਰੀ ਵਿਚ ਭਾਜਪਾ ਦੀ ਇਤਿਹਾਸਕ ਤੇ ਸ਼ਾਨਦਾਰ ਜਿੱਤ ਦੇ ਮੌਕੇ ਮਲੋਟ ਵਿਖੇ ਵਿਸ਼ਾਲ ਜਸ਼ਨ ਮਨਾਇਆ ਗਿਆ | ਇਹ ਸਮਾਗਮ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਭਰ ਤੋਂ ਪਾਰਟੀ ਦੇ ਵਰਕਰਾਂ, ਆਗੂਆਂ ਤੇ ਸਮਰਥਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਜਸ਼ਨ ਦੌਰਾਨ ਵਰਕਰਾਂ ਵਲੋਂ ਇਕ-ਦੂਜੇ ਨੂੰ ਲੱਡੂ ਵੰਡੇ ਗਏ, ਢੋਲ-ਨਗਾਰੇ ਵਜਾਏ ਗਏ ਅਤੇ ਭਾਜਪਾ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਸਮਾਗਮ ਦਾ ਮਾਹੌਲ ਦੇਸ਼ ਭਗਤੀ ਤੇ ਖ਼ੁਸ਼ੀ ਨਾਲ ਭਰਪੂਰ ਸੀ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੀ ਦੂਰਦਰਸ਼ੀ ਸੋਚ, ਇਮਾਨਦਾਰ ਨੇਤਿ੍ਤਵ ਅਤੇ ਲੋਕ-ਭਲਾਈ ਵਾਲੀਆਂ ਨੀਤੀਆਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ, ਅਸਾਮ ਅਤੇ ਪਾਂਡੀਚਰੀ ਦੇ ਚੋਣ ਨਤੀਜੇ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਦੇਸ਼ ਦੇ ਲੋਕ ਵਿਕਾਸ, ਸੁਸ਼ਾਸਨ ਤੇ ਰਾਸ਼ਟਰਵਾਦ ਦੀ ਨੀਤੀ ਨੂੰ ਪੂਰੀ ਤਰ੍ਹਾਂ ਅਪਣਾ ਰਹੀ ਹੈ | ਇਹ ਜਿੱਤ ਸਿਰਫ਼ ਭਾਜਪਾ ਦੀ ਨਹੀਂ, ਸਗੋਂ ਦੇਸ਼ ਦੇ ਹਰ ਉਸ ਨਾਗਰਿਕ ਦੀ ਜਿੱਤ ਹੈ ਜੋ ਤਰੱਕੀਸ਼ੀਲ ਤੇ ਮਜ਼ਬੂਤ ਭਾਰਤ ਦੇ ਨਿਰਮਾਣ ਲਈ ਕੰਮ ਕਰ ਰਿਹਾ ਹੈ | ਉਨ੍ਹਾਂ ਪਾਰਟੀ ਦੇ ਹਰ ਛੋਟੇ-ਵੱਡੇ ਵਰਕਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ | ਅੰਤ 'ਚ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਸਭ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸੇ ਜੋਸ਼ ਤੇ ਜਜ਼ਬੇ ਨਾਲ ਆਉਣ ਵਾਲੀਆਂ ਚੋਣਾਂ ਲਈ ਤਿਆਰੀ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ |