ਫ਼ਰੀਦਕੋਟ, 5 ਮਈ (ਹਰਮਿੰਦਰ ਸਿੰਘ ਮਿੰਦਾ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਫ਼ਰੀਦਕੋਟ ਦੀ ਮੀਟਿੰਗ ਸੰਸਥਾਂ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਧਾਲੀਵਾਲ ਸੇਵਾ ਮੁਕਤ ਡੀ.ਐਸ.ਪੀ ਨੇ ਕੀਤੀ | ਮੀਟਿੰਗ ਵਿਚ ਕਰੀਬ 90 ਸੇਵਾ ਮੁਕਤ ਕਰਮਚਾਰੀ/ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਸੁਰਜੀਤ ਸਿੰਘ ਸੇਵਾ ਮੁਕਤ ਐਸ.ਆਈ ਵਲੋਂ ਸਟੇਜ ਦੀ ਕਾਰਵਾਈ ਕਰਦਿਆਂ ਸਭ ਤੋਂ ਪਹਿਲਾਂ ਵਿੱਛੜ ਚੁੱਕੇ ਸਾਥੀਆਂ ਏ.ਐਸ.ਆਈ ਮਨਜੀਤ ਸਿੰਘ ਅਤੇ ਹੌਲਦਾਰ ਗੁਰਨਾਮ ਸਿੰਘ ਨੂੰ ਸਰਧਾਂਜ਼ਲੀ ਭੇਟ ਕੀਤੀ ਗਈ | ਨਵੇਂ ਆਏ ਸਾਥੀਆਂ ਐਸ.ਆਈ ਕੁਲਵਿੰਦਰ ਸਿੰਘ, ਏ.ਐਸ.ਆਈ ਅਮਰਜੀਤ ਸਿੰਘ ਅਤੇ ਏ.ਐਸ.ਆਈ ਜਸਵੀਰ ਸਿੰਘ ਨੂੰ ਸਮੂਹ ਹਾਜ਼ਰੀਨ ਵਲੋਂ ਫ਼ੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿਚ ਏ.ਐਸ.ਆਈ ਜਗਤਾਰ ਸਿੰਘ ਵਲੋਂ ਗੀਤ-ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ | ਆਈ.ਐਨ.ਪੀ.ਐਸ ਹਰਭਗਵਾਨ ਵਲੋਂ ਅਧਿਆਤਮਿਕ ਲੈਕਚਰ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਧਾਲੀਵਾਲ ਵਲੋਂ ਮੀਟਿੰਗ ਵਿਚ ਪੈਨਸ਼ਨਰਾਂ ਨੂੰ ਹੁਣ ਤੱਕ ਦਾ ਬਕਾਇਆ ਨਾ ਦਿੱਤੇ ਜਾਣ ਕਾਰਨ ਅਤੇ ਇਸ ਮਹੀਨੇ ਦੀ ਪੈਨਸ਼ਨ ਵੀ ਲੇਟ ਕੀਤੇ ਜਾਣ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਪੁਰਜ਼ੋਰ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕੀਤੀ ਗਈ |