ਫ਼ਰੀਦਕੋਟ, 8 ਮਈ (ਸਰਬਜੀਤ ਸਿੰਘ)-ਮਿਊਾਸਪਲ ਸਫ਼ਾਈ ਕਰਮਚਾਰੀਆਂ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਮੁਕੰਮਲ ਹੜਤਾਲ ਕੀਤੀ ਹੋਈ ਹੈ ਅਤੇ ਸਮੂਹ ਕਰਮਚਾਰੀ ਕੰਮ ਛੱਡ ਕੇ ਪੰਜਾਬ ਸਰਕਾਰ ਖ਼ਿਲਾਫ਼ ਨਗਰ ਕੌਂਸਲ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਹਨ | ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਸਾਰਾ ਸ਼ਹਿਰ ਕੂੜੇ ਦਾ ਢੇਰ ਬਣਿਆ ਹੋਇਆ ਹੈ | ਇਥੋਂ ਦੀ ਪੁਰਾਣੀ ਦਾਣਾ ਮੰਡੀ, ਸਰਕੂਲਰ ਰੋਡ, ਹਰਿੰਦਰਾ ਨਗਰ ਅਤੇ ਆਸੇ ਪਾਸੇ ਸਾਰੇ ਗਲੀ ਮੁਹੱਲਿਆਂ ਵਿਚ ਜਗ੍ਹਾ ਜਗ੍ਹਾ 'ਤੇ ਕੂੜੇ ਦੇ ਢੇਰ ਲੱਗੇ ਹਨ ਅਤੇ ਇਹ ਕੂੜਾ ਸੜਕਾਂ ਤੱਕ ਫ਼ੈਲਿਆ ਹੋਇਆ ਹੈ | ਕੂੜੇ ਦੇ ਢੇਰਾਂ ਨੂੰ ਜਾਨਵਰਾਂ ਵਲੋਂ ਹੋਰ ਵੀ ਖਿਲਾਰਿਆ ਜਾ ਰਿਹਾ ਹੈ | ਸੜਕਾਂ 'ਤੇ ਲੰਘਦੇ ਟੱਪਦੇ ਹਰ ਪਾਸੇ ਬਦਬੂ ਹੀ ਬਦਬੂ ਮਿਲਦੀ ਹੈ | ਲੋਕਾਂ ਦਾ ਲੰਘਣਾ ਟੱਪਣਾ ਮੁਸ਼ਕਿਲ ਹੋਇਆ ਪਿਆ ਹੈ | ਗਰਮੀ ਦੇ ਮੌਸਮ ਅਤੇ ਕੂੜੇ ਦੇ ਢੇਰਾਂ 'ਤੇ ਮੱਖੀਆਂ ਮੱਛਰਾਂ ਦੀ ਭਰਮਾਰ ਹੋਈ ਪਈ ਹੈ ਅਤੇ ਇਸ ਨਾਲ ਜਾਨਲੇਵਾ ਬਿਮਾਰੀਆਂ ਫ਼ੈਲ ਸਕਦੀਆਂ ਹਨ | ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰ ਪੰਜਾਬ ਭਗਵੰਤ ਸਿੰਘ ਮਾਨ ਦੀ ਇੱਥੋਂ ਸ਼ੁਕਰਾਨਾ ਯਾਤਰਾ ਨਿਕਲੀ ਸੀ | ਲੇਪਾ ਪੂਚੀ ਲਈ ਪ੍ਰਸ਼ਾਸਨ ਵਲੋਂ ਰਸਤੇ 'ਚ ਪੈਂਦੇ ਕੂੜੇ ਦੇ ਢੇਰਾਂ ਅੱਗੇ ਪਰਦੇ ਲਗਾਏ ਸਨ, ਪ੍ਰੰਤੂ ਇਨ੍ਹਾਂ ਦੇ ਹੱਲ ਲਈ ਕੋਈ ਵੀ ਕੋਸ਼ਿਸ਼ ਅਮਲ 'ਚ ਨਹੀਂ ਲਿਆਂਦੀ ਅਤੇ ਨਾ ਹੀ ਮੁੱਖ ਮੰਤਰੀ ਵਲੋਂ ਇਨ੍ਹਾਂ ਢੇਰਾਂ ਨੂੰ ਵੇਖ ਕੇ ਸਮੱਸਿਆ ਬਾਰੇ ਜਾਣਕਾਰੀ ਲੈਣੀ ਮੁਨਾਸਿਫ਼ ਸਮਝੀ | ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੰਤ ਰਾਮ, ਸੂਬਾ ਆਗੂ ਰਮੇਸ਼ ਕੁਮਾਰ ਨੀਨੂੰ ਤੇ ਅਸ਼ੋਕ ਸਾਰਵਾਨ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਚਾਰ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਅਜੇ ਤੱਕ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਵਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ | ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ ਅਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਗਈ ਹੈ ਅਤੇ ਨਾ ਹੀ ਹੋਰ ਮੰਗਾਂ ਅਜੇ ਤੱਕ ਪੂਰੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਮਨ ਕੇ ਲਾਗੂ ਨਹੀਂ ਕਰਦੀ |